ਮਸਜਿਦ ‘ਚ ਧਮਾਕਾ, 17 ਲੋਕਾਂ ਦੀ ਮੌਤ ਤੇ ਘੱਟੋ-ਘੱਟ 90 ਲੋਕ ਜ਼ਖ਼ਮੀ
ਇਸਲਾਮਾਬਾਦ: ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੇਸ਼ਾਵਰ ਵਿੱਚ ਪੁਲਸ ਲਾਈਨ ਮਸਜਿਦ ਵਿੱਚ ਜ਼ੋਰਦਾਰ ਧਮਾਕਾ ਹੋਇਆ। ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਪਾਕਿਸਤਾਨੀ ਮੀਡੀਆ ਜਿਓ ਨਿਊਜ਼ ਦੇ ਹਵਾਲੇ ਨਾਲ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਇਕ ਆਤਮਘਾਤੀ ਹਮਲਾਵਰ ਨੇ ਜ਼ੁਹਰ ਦੀ ਨਮਾਜ਼ ਤੋਂ ਬਾਅਦ ਖ਼ੁਦ ਨੂੰ ਉਡਾ ਲਿਆ, ਜਿਸ ਵਿਚ ਘੱਟੋ-ਘੱਟ 17 ਲੋਕਾਂ ਦੇ ਮਾਰੇ ਜਾਣ ਅਤੇ 90 ਹੋਰਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ।ਇਕ ਸਮਾਚਾਰ ਏਜੰਸੀ ਰਾਇਟਰਜ਼ ਨੇ ਵੀ ਪੁਲਸ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਜਦੋਂ ਕਿ ਹਸਪਤਾਲ ਦੇ ਬੁਲਾਰੇ ਨੇ ਰਾਇਟਰਜ਼ ਨੂੰ ਦੱਸਿਆ ਕਿ ਧਮਾਕੇ ਵਿੱਚ ਲਗਭਗ 90 ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਹੈ। ਪਾਕਿਸਤਾਨ ਅਖ਼ਬਾਰ ਡਾਨ ਮੁਤਾਬਕ ਮਸਜਿਦ ਵਿਚ ਧਮਾਕਾ ਸੋਮਵਾਰ ਦੁਪਹਿਰ ਨੂੰ ਹੋਇਆ।ਇਸ ਦੌਰਾਨ ਇਕ ਪੁਲਸ ਅਧਿਕਾਰੀ ਸਿਕੰਦਰ ਖਾਨ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਮਾਰਤ ਦਾ ਇਕ ਹਿੱਸਾ ਢਹਿ ਗਿਆ ਅਤੇ ਇਸ ਦੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।
ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਮੁਹੰਮਦ ਅਸੀਮ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਡਾਨ ਨੇ ਅਸੀਮ ਦੇ ਹਵਾਲੇ ਨਾਲ ਕਿਹਾ ਕਿ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਇੱਥੇ ਸਿਰਫ਼ ਐਂਬੂਲੈਂਸਾਂ ਹੀ ਦਾਖ਼ਲ ਹੋ ਸਕਦੀਆਂ ਹਨ। ਟੀਵੀ ਰਿਪੋਰਟਾਂ ਮੁਤਾਬਕ ਧਮਾਕਾ ਕਰੀਬ 1:40 ਵਜੇ ਉਸ ਸਮੇਂ ਹੋਇਆ ਜਦੋਂ ਜ਼ੁਹਰ ਦੀ ਨਮਾਜ਼ ਅਦਾ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਪੇਸ਼ਾਵਰ ਵਿੱਚ ਵਾਪਰੀ ਸੀ ਜਦੋਂ ਕੋਚਾ ਰਿਸਾਲਦਾਰ ਖੇਤਰ ਵਿੱਚ ਇੱਕ ਸ਼ੀਆ ਮਸਜਿਦ ‘ਤੇ ਹੋਏ ਆਤਮਘਾਤੀ ਹਮਲੇ ਵਿੱਚ 56 ਲੋਕਾਂ ਦੀ ਮੌਤ ਹੋ ਗਈ ਸੀ।