ਮਾਰੂਤੀ ਕਾਰ ’ਤੇ ਹੈਰੋਇਨ ਵੇਚਣ ਆਇਆ ਤਸਕਰ ਕਾਬੂ

ਲੁਧਿਆਣਾ : ਐਂਟੀ ਨਾਰਕੋਟਿਕਸ ਸੈੱਲ-2 ਦੀ ਪੁਲਸ ਨੇ ਲਾਡੋਵਾਲ ਦੇ ਇਲਾਕੇ ’ਚੋਂ ਮਾਰੂਤੀ ਕਾਰ ’ਚ ਹੈਰੋਇਨ ਵੇਚਣ ਜਾ ਰਹੇ ਨੌਜਵਾਨ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਕਾਰ ’ਚੋਂ 50 ਗ੍ਰਾਮ ਹੈਰੋਇਨ, ਇਲੈਕਟ੍ਰਾਨਿਕ ਕੰਡਾ, ਛੋਟੇ ਲਿਫ਼ਾਫ਼ੇ ਬਰਾਮਦ ਹੋਏ ਹਨ। ਫੜ੍ਹਿਆ ਗਿਆ ਮੁਲਜ਼ਮ ਜਸਪਾਲ ਸਿੰਘ ਉਰਫ਼ ਜੱਸ ਹੈ। ਉਸ ਦੇ ਖ਼ਿਲਾਫ਼ ਲਾਡੋਵਾਲ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇੰਸ. ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਐੱਸ. ਆਈ. ਗੁਰਕ੍ਰਿਪਾਲ ਸਿੰਘ ਲਾਡੋਵਾਲ ਦੇ ਇਲਾਕੇ ’ਚ ਗਸ਼ਤ ’ਤੇ ਸਨ। ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਨਸ਼ਾ ਸਪਲਾਈ ਕਰਦਾ ਹੈ ਅਤੇ ਲਾਡੋਵਾਲ ਟੋਲ ਪਲਾਜ਼ਾ ਤੋਂ ਗੁਜ਼ਰਨ ਵਾਲਾ ਹੈ। ਇਸ ’ਤੇ ਪੁਲਸ ਨੇ ਨਾਕਾਬੰਦੀ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਜਦ ਉਸ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਅੰਦਰੋਂ ਹੈਰੋਇਨ ਅਤੇ ਹੋਰ ਸਾਮਾਨ ਬਰਾਮਦ ਹੋਇਆ।

ਪੁਲਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੁੱਛਗਿੱਛ ’ਚ ਪਤਾ ਲੱਗਾ ਕਿ ਮੁਲਜ਼ਮ ਕਾਫ਼ੀ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ, ਜੋ ਕਿ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ ਅਤੇ ਹੈਰੋਇਨ ਵੱਖ-ਵੱਖ ਇਲਾਕਿਆਂ ’ਚ ਜਾ ਕੇ ਵੇਚਦਾ ਹੈ। ਮੁਲਜ਼ਮ ਪੁਲਸ ਰਿਮਾਂਡ ’ਤੇ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply