ਸਰਕਾਰ ਵੱਲੋਂ ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸੱਦੀ ਸਰਬ ਪਾਰਟੀ ਮੀਟਿੰਗ ’ਚ ਕਾਂਗਰਸ ਨੇਤਾ ਨਾ ਪੁੱਜੇ, ਵਿਰੋਧੀ ਧਿਰ ਨੇ ਅਡਾਨੀ ਗਰੁੱਪ ਸਣੇ ਕਈ ਮਾਮਲੇ ਚੁੱਕੇ

ਨਵੀਂ ਦਿੱਲੀ : ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਹੋਈ। ਮੀਟਿੰਗ ਵਿੱਚ ਵਿਰੋਧੀ ਪਾਰਟੀਆਂ ਨੇ ਅਡਾਨੀ ਗਰੁੱਪ, ਜਾਤੀ ਆਧਾਰਿਤ ਮਰਮਸ਼ੁਮਾਰੀ ਅਤੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਨ ਦਾ ਮੁੱਦਾ ਉਠਾਇਆ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਉਹ ਸੰਸਦ ‘ਚ ਨਿਯਮਾਂ ਤਹਿਤ ਹਰ ਮੁੱਦੇ ‘ਤੇ ਚਰਚਾ ਕਰਨ ਲਈ ਤਿਆਰ ਹੈ ਅਤੇ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਤੋਂ ਸਹਿਯੋਗ ਮੰਗਦੀ ਹੈ। ਸੰਸਦ ਭਵਨ ਕੰਪਲੈਕਸ ‘ਚ ਹੋਈ ਬੈਠਕ ‘ਚ ਸਦਨ ਦੇ ਉਪ ਨੇਤਾ ਰਾਜਨਾਥ ਸਿੰਘ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਸਦਨ ਦੇ ਨੇਤਾ ਪੀਯੂਸ਼ ਗੋਇਲ, ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ, ਰਾਮ ਮੇਘਵਾਲ ਅਤੇ ਵੀ ਮੁਰਲੀਧਰਨ ਹਾਜ਼ਰ ਸਨ। ਵਿਰੋਧੀ ਪਾਰਟੀਆਂ ਦੇ ਸਾਰੇ ਸਿਖਰਲੇ ਨੇਤਾਵਾਂ ਸਮੇਤ ਡੀਐੱਮਕੇ ਨੇਤਾ ਦੇ ਟੀਆਰ, ਬਾਲੂ, ਟੀਐੱਮਸੀ ਨੇਤਾ ਸੁਦੀਪ ਬੰਦੋਪਾਧਿਆਏ ਅਤੇ ਸੁਖੇਂਦੂ ਸੇਖਰ ਰੇਅ, ਟੀਆਰਐੱਸ ਨੇਤਾ ਕੇ. ਕੇਸ਼ਵ ਰਾਓ ਅਤੇ ਨਮਾ ਨਾਗੇਸ਼ਵਰ ਰਾਓ ਹਾਜ਼ਰ ਸਨ। ਪਾਰਟੀ ਦੇ ਹੋਰ ਨੇਤਾ ਜੋ ਮੌਜੂਦ ਸਨ ਉਨ੍ਹਾਂ ਵਿੱਚ ਵਾਈਐੱਸਆਰ ਕਾਂਗਰਸ ਤੋਂ ਵਿਜੇਸਾਈ ਰੈੱਡੀ, ਨੈਸ਼ਨਲ ਕਾਨਫਰੰਸ ਤੋਂ ਫਾਰੂਕ ਅਬਦੁੱਲਾ, ਰਾਸ਼ਟਰੀ ਜਨਤਾ ਦਲ ਦੇ ਪ੍ਰੋਫੈਸਰ ਮਨੋਜ ਝਾਅ ਅਤੇ ਜੇਡੀਯੂ ਦੇ ਰਾਮ ਨਾਥ ਠਾਕੁਰ ਸ਼ਾਮਲ ਸਨ। ਸ਼ਿਵ ਸੈਨਾ (ਊਧਵ ਠਾਕਰੇ) ਦੀ ਨੁਮਾਇੰਦਗੀ ਪ੍ਰਿਯੰਕਾ ਚਤੁਰਵੇਦੀ ਨੇ ਕੀਤੀ। ਮੀਟਿੰਗ ਵਿੱਚ ਕਾਂਗਰਸੀ ਆਗੂ ਗੈਰਹਾਜ਼ਰ ਰਹੇ, ਹਾਲਾਂਕਿ ਸਰਕਾਰੀ ਸੂਤਰਾਂ ਅਨੁਸਾਰ ਮਲਿਕਾਅਰਜੁਨ ਖੜਗੇ ਅਤੇ ਅਧੀਰ ਰੰਜਨ ਚੌਧਰੀ ਦੋਵੇਂ ਅੱਜ ਸ੍ਰੀਨਗਰ ਵਿੱਚ ਚੱਲ ਰਹੀ ਭਾਰਤ ਜੋੜੋ ਯਾਤਰਾ ਕਾਰਨ ਉਥੇ ਹਨ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੀ ਸਾਂਝੀ ਬੈਠਕ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ।

Leave a Reply