ਨਸ਼ੇੜੀ ਜਗੀਰ ਮਸੀਹ ਵੱਲੋਂ ਮਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਮੁਕੇਰੀਆਂ: ਮੁਕੇਰੀਆਂ ਨਜ਼ਦੀਕ ਪੈਂਦੇ ਪਿੰਡ ਨੌਸ਼ਿਹਰਾ ਪੱਤਣ ਵਿਖੇ ਨਸ਼ੇ ਦੇ ਆਦੀ ਪੁੱਤਰ ਨੇ ਨਸ਼ੇ ਲਈ ਪੈਸੇ ਨਾ ਮਿਲਣ ’ਤੇ ਆਪਣੀ ਮਾਂ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਬੀਤੇ ਦਿਨੀਂ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ।
ਲੋਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਦਾਖ਼ਲ ਕਰਵਾਇਆ ਸੀ, ਜਿੱਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀ। ਜਿੱਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਔਰਤ ਦੇ ਪਤੀ ਦੀ ਕਰੀਬ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਪੀੜਤਾ ਲੋਕਾਂ ਦੇ ਘਰਾਂ ’ਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ।
ਜਾਣਕਾਰੀ ਅਨੁਸਾਰ ਪਿੰਡ ਨੌਸ਼ਿਹਰਾ ਪੱਤਣ ਦਾ ਵਸਨੀਕ ਰੌਸ਼ਨ ਪੁੱਤਰ ਜਗੀਰ ਮਸੀਹ ਨਸ਼ੇ ਦਾ ਆਦੀ ਸੀ ਅਤੇ ਕੋਈ ਕੰਮ ਨਹੀਂ ਕਰਦਾ ਸੀ। ਉਸ ਦੇ ਪਿਤਾ ਜਗੀਰ ਮਸੀਹ ਦੀ ਮੌਤ ਹੋ ਜਾਣ ਕਾਰਨ ਉਸ ਦੀ ਮਾਤਾ ਮ੍ਰਿਤਕ ਜੋਗਿੰਦਰੋ (50) ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ। ਰੌਸ਼ਨ ਅਕਸਰ ਨਸ਼ੇ ਕਰਨ ਲਈ ਆਪਣੀ ਮਾਂ ਕੋਲੋਂ ਪੈਸਿਆਂ ਦੀ ਮੰਗ ਖ਼ਾਤਰ ਉਸ ਨਾਲ ਕਾਫ਼ੀ ਝਗੜਾ ਕਰਦਾ ਰਹਿੰਦਾ ਸੀ ਅਤੇ ਆਪਣੀ ਮਾਂ ਦੀ ਕੁੱਟਮਾਰ ਵੀ ਕਰਦਾ ਸੀ। ਰੌਸ਼ਨ ਨੇ ਪੈਸੇ ਨਾ ਮਿਲਣ ’ਤੇ ਗੰਡਾਸੀ ਨੁਮਾ ਤੇਜ਼ਧਾਰ ਹਥਿਆਰ ਨਾਲ ਬੀਤੇ ਦਿਨੀਂ ਆਪਣੀ ਮਾਂ ’ਤੇ ਹਮਲਾ ਕਰ ਦਿੱਤਾ ਸੀ। ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਬੁੱਧਵਾਰ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜੁਰਮ ’ਚ ਵਾਧਾ ਕਰਦੇ ਹੋਏ ਪੁਲਸ ਨੇ ਧਾਰਾ 302 ਅਧੀਨ ਕੇਸ ਦਰਜ ਕੀਤਾ ਹੈ।