ਮੂਸੇਵਾਲਾ ਕਤਲ ਕਾਂਡ : ਅਦਾਲਤ ਨੇ ਰੱਦ ਕੀਤੀ ਰੇਕੀ ਕਰਨ ਵਾਲੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ

ਮਾਨਸਾ : ਮਾਨਸਾ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਇੱਕ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਬੁਢਲਾਡਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਮੋਹਣਾ ਆਪਣੀ ਜ਼ਮਾਨਤ ਦੀ ਅਰਜ਼ੀ ਮਾਨਸਾ ਅਦਾਲਤ ‘ਚ ਜਮ੍ਹਾਂ ਕਰਵਾਈ ਸੀ ਪਰ ਅਦਾਲਤ ਨੇ ਇਹ ਅਰਜ਼ੀ ਖਾਰਜ ਕਰਦਿਆਂ ਕਿਹਾ ਕਿ ਜੇਕਰ ਦੋਸ਼ੀ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਸੰਭਾਵਨਾ ਹੈ ਕਿ ਉਹ ਸਬੂਤਾਂ ਨਾਲ ਛੇੜਛਾੜ ਅਤੇ ਗਵਾਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।

ਇੱਥੇ ਜ਼ਿਕਰਯੋਗ ਹੈ ਕਿ ਮੋਹਨਾ, ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ੂਟਰਾਂ ਲਈ ਸਥਾਨਕ ਕੜੀ ਸੀ ਕਿਉਂਕਿ ਉਹ ਮਾਨਸਾ ਜ਼ਿਲ੍ਹੇ ਦਾ ਵਸਨੀਕ ਹੈ। ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ. ) ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਮੋਹਨਾ ਨੇ ਸੂਬੇ ਵਿੱਚ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਕਥਿਤ ਤੌਰ ’ਤੇ ਗਾਇਕ ਮੂਸੇਵਾਲਾ ਦੀ ਰੇਕੀ ਕੀਤੀ ਸੀ ਅਤੇ ਉਸ ਸਮੇਂ ਸ਼ੂਟਰਾਂ ਨੂੰ ਪਨਾਹ ਵੀ ਦਿੱਤੀ ਸੀ। ਇਸ ਦੇ ਚੱਲਦਿਆਂ ਹੁਣ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ 15 ਫਰਵਰੀ ਰੱਖੀ ਗਈ ਹੈ।

Leave a Reply