ਅਮਰੀਕਾ ਦੇ ਸੁਫ਼ਨੇ ਵਿਖਾ ਕੇ ਕੀਤੀ 40 ਲੱਖ ਦੀ ਠੱਗੀ

ਕਪੂਰਥਲਾ: ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 40 ਲੱਖ ਰੁਪਏ ਦੀ ਰਕਮ ਠੱਗਣ ਦੇ ਮਾਮਲੇ ’ਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਇਕ ਔਰਤ ਸਮੇਤ 4 ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਬਾਹੋਪੁਰ ਜ਼ਿਲ੍ਹਾ ਜਲੰਧਰ ਨੇ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਬੇਟਾ ਪਰਵਿੰਦਰ ਸਿੰਘ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਸੈਟਲ ਹੋਣਾ ਚਾਹੁੰਦਾ ਸੀ। ਇਸ ਦੌਰਾਨ ਉਸ ਦਾ ਸੰਪਰਕ ਹਰਪਿੰਦਰ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਪਿੰਡ ਲੁਹਾਰ ਤਰਨਤਾਰਨ, ਮੰਗਾ ਸਿੰਘ ਉਰਫ ਮੱਲੀ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਮੱਲੀਆਂ ਥਾਣਾ ਕਰਤਾਰਪੁਰ, ਬਲਦੀਸ਼ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਰਾਓਵਾਲੀ ਜ਼ਿਲ੍ਹਾ ਜਲੰਧਰ ਅਤੇ ਲਫਟੇਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਕਰਮਜੀਤਪੁਰ ਥਾਣਾ ਸੁਲਤਾਨਪੁਰ ਲੋਧੀ ਦੇ ਨਾਲ ਹੋਇਆ। ਉਕਤ ਮੁਲਜ਼ਮਾਂ ਨੇ ਉਸ ਦੇ ਬੇਟੇ ਨੂੰ ਅਮਰੀਕਾ ਭੇਜਣ ਲਈ 40 ਲੱਖ ਰੁਪਏ ’ਚ ਸੌਦਾ ਤੈਅ ਕੀਤਾ। ਉਕਤ ਮੁਲਜ਼ਮਾਂ ਨੇ ਉਸ ਨੂੰ ਝਾਂਸਾ ਦਿੱਤਾ ਕਿ ਜਦੋਂ ਉਸ ਦਾ ਬੇਟਾ ਮੈਕਸੀਕੋ ਤੋਂ ਅਮਰੀਕਾ ਪਹੁੰਚ ਜਾਵੇਗਾ ਤਦ ਹੀ ਉਸ ਕੋਲੋਂ 40 ਲੱਖ ਰੁਪਏ ਦੀ ਰਕਮ ਲਈ ਜਾਵੇਗੀ।

ਇਸ ਦੌਰਾਨ ਉਸ ਦੇ ਬੇਟੇ ਨੂੰ ਉਕਤ ਮੁਲਜ਼ਮ ਦਿੱਲੀ ਤੋਂ ਮੈਕਸੀਕੋ ਲੈ ਗਏ, ਜਿਸ ਦੌਰਾਨ ਉਸ ਦੇ ਬੇਟੇ ਨੇ ਉਸ ਨੂੰ ਦਿੱਲੀ ਤੋਂ ਫੋਨ ’ਤੇ ਦੱਸਿਆ ਕਿ ਉਸ ਨੂੰ ਮੈਕਸੀਕੋ ਤੋਂ ਅਮਰੀਕਾ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਬੇਟੇ ਨੇ ਉਸ ਨੂੰ ਵ੍ਹਟਸਐਪ ’ਤੇ ਬੋਰਡਿੰਗ ਪਾਸ ਅਤੇ ਏਅਰ ਟਿਕਟਾਂ ਵੀ ਭੇਜੀਆਂ, ਜਿਸ ’ਤੇ ਉਸ ਨੇ ਉਕਤ ਮੁਲਜ਼ਮਾਂ ਦੇ ਝਾਂਸੇ ’ਚ ਆਉਂਦੇ ਹੋਏ ਅੱਡਾ ਖੁਖਰੈਣ ਦੇ ਕੋਲ ਉਨ੍ਹਾਂ ਦੀ ਗੱਡੀ ’ਚ ਜਾ ਕੇ 40 ਲੱਖ ਰੁਪਏ ਦੀ ਰਕਮ ਦੇ ਦਿੱਤੀ। ਬਾਅਦ ’ਚ ਉਸ ਦਾ ਬੇਟਾ ਪਰਵਿੰਦਰ ਸਿੰਘ ਵਾਪਸ ਪਿੰਡ ਆ ਗਿਆ, ਜਿਸ ’ਤੇ ਜਦੋਂ ਪ੍ਰੇਸ਼ਾਨ ਹੋ ਕੇ ਆਪਣੇ ਬੇਟੇ ਤੋਂ ਇਸ ਸਬੰਧੀ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਦਿੱਲੀ ’ਚ ਇਕ ਮੁੰਡੇ ਅਤੇ ਕੁੜੀ ਨੇ ਉਕਤ ਟ੍ਰੈਵਲ ਏਜੰਟਾਂ ਦੇ ਕਹਿਣ ’ਤੇ ਆਪਣੇ ਨਾਲ ਦਿੱਲੀ ਸਥਿਤ ਇਕ ਕੋਠੀ ’ਚ ਲੈ ਗਏ ਸਨ, ਜਿੱਥੇ ਉਸ ਨੂੰ ਧਮਕੀਆਂ ਦਿੰਦੇ ਹੋਏ ਆਪਣੇ ਘਰ ’ਚ ਫੋਨ ਕਰਕੇ ਉਸ ਦੇ ਮੈਕਸੀਕੋ ਪਹੁੰਚਣ ਦੀ ਗੱਲ ਕਹਿਣ ਨੂੰ ਮਜਬੂਰ ਕੀਤਾ ਗਿਆ, ਜਿਸ ਦੇ ਆਧਾਰ ’ਤੇ ਉਸ ਦੇ ਬੇਟੇ ਨੂੰ ਬਲੈਕਮੇਲ ਕਰਕੇ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ 40 ਲੱਖ ਰੁਪਏ ਦੀ ਰਕਮ ਹੜੱਪ ਲਈ ਗਈ ਹੈ, ਜਿਸ ਕਾਰਨ ਉਸ ਨੂੰ ਪਰਿਵਾਰ ਦੀ ਕਾਫ਼ੀ ਜਾਇਦਾਦ ਵੇਚਣੀ ਪਈ।

ਇਸ ਤੋਂ ਉਸ ਨੇ ਤੰਗ ਆ ਕੇ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਦਿੱਤੀ, ਜਿਨ੍ਹਾਂ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਪੀ. ਹੈੱਡ ਕੁਆਰਟਰ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਚਾਰੇ ਮੁਲਜ਼ਮਾਂ ਹਰਪਿੰਦਰ ਸਿੰਘ, ਮੰਗਾ ਸਿੰਘ ਉਰਫ਼ ਮੱਲੀ, ਬਲਦੀਸ਼ ਕੌਰ ਅਤੇ ਲਫਟੇਨ ਸਿੰਘ ਖ਼ਿਲਾਫ਼ ਲੱਗੇ ਸਾਰੇ ਇਲਜ਼ਾਮ ਸਹੀ ਸਾਬਤ ਹੋਏ, ਜਿਸ ਦੇ ਆਧਾਰ ’ਤੇ ਚਾਰੇ ਮੁਲਜ਼ਮਾਂ ਖ਼ਿਲਾਫ਼ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀ ਮੁਹਿੰਮ ਜਾਰੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਸਨਸਨੀਖੇਜ ਖ਼ੁਲਾਸੇ ਸਾਹਮਣੇ ਆ ਸਕਦੇ ਹਨ।

Leave a Reply