ਫਿਰੋਜ਼ਪੁਰ: ਪੁੱਤ ਨਾਲ ਰਲ ਜੇਲ੍ਹ ‘ਚ ਨਸ਼ਾ ਪਹੁੰਚਾਉਂਦਾ ਸੀ ਜੇਲ੍ਹ ਵਾਰਡਨ, ਇੰਝ ਖੁੱਲ੍ਹਿਆ ਭੇਤ

ਮੁੱਦਕੀ/ਫਿਰੋਜ਼ਪੁਰ: ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਕੇਂਦਰੀ ਜੇਲ੍ਹ ’ਚ ਹੈਰੋਇਨ ਦੀ ਸਮੱਗਲਿੰਗ ’ਚ ਸ਼ਾਮਲ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਜੇਲ੍ਹ ਵਾਰਡਨ ਅਤੇ ਉਸ ਦੇ ਪੁੱਤ ਸਮੇਤ 4 ਮੁਲਜ਼ਮਾਂ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਏ. ਆਈ. ਜੀ. ਲਖਵੀਰ ਸਿੰਘ ਪੀ. ਪੀ. ਐੱਸ. ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਬ-ਇੰਸਪੈਕਟਰ ਜਤਿੰਦਰਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦਾ ਜੇਲ੍ਹ ਵਾਰਡਨ ਨਾਇਬ ਸਿੰਘ ਤੇ ਉਸ ਦਾ ਪੁੱਤ ਅਕਾਸ਼ਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਪ੍ਰਭਾਤ ਸਿੰਘ ਵਾਲਾ ਹਿਠਾੜ ਅਤੇ ਨਿਰਮਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਢੰਡੀ ਕਦੀਮ ਦੋਵੇਂ ਥਾਣਾ ਜਲਾਲਾਬਾਦ ਨਾਲ ਮਿਲ ਕੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਅੰਦਰ ਹੈਰੋਇਨ ਸਪਲਾਈ ਕਰਦੇ ਹਨ।

ਨਿਰਮਲ ਅਤੇ ਗੁਰਮੀਤ ਜਲਾਲਾਬਾਦ ਤੋਂ ਹੈਰੋਇਨ ਲਿਆ ਕੇ ਅਕਾਸ਼ਪ੍ਰੀਤ ਨੂੰ ਦਿੰਦੇ ਹਨ। ਅਕਾਸ਼ਪ੍ਰੀਤ ਅੱਗੇ ਆਪਣੇ ਪਿਤਾ ਉਕਤ ਨਾਇਬ ਸਿੰਘ ਨੂੰ ਸਪਲਾਈ ਕਰ ਦਿੰਦਾ ਹੈ, ਜੋ ਜੇਲ੍ਹ ਵਿਚ ਕੈਦੀਆਂ ਨੂੰ ਮਹਿੰਗੇ ਭਾਅ ‘ਤੇ ਵੇਚ ਦਿੰਦਾ ਹੈ। ਸੂਚਨਾ ਮਿਲੀ ਕਿ ਬੁੱਧਵਾਰ ਨੂੰ ਵੀ ਗੁਰਮੀਤ ਸਿੰਘ ਉਕਤ ਨਿਰਮਲ ਸਿੰਘ ਕੋਲੋਂ ਹੈਰੋਇਨ ਲੈ ਕੇ ਜਲਾਲਾਬਾਦ ਤੋਂ ਫਿਰੋਜ਼ਪੁਰ ਸ਼ਹਿਰ ਆ ਰਿਹਾ ਹੈ, ਜਿਸ ’ਤੇ ਇੰਸਪੈਕਟਰ ਬਲਦੇਵ ਸਿੰਘ ਪਤਲੀ ਨੇ ਸਮੇਤ ਪੁਲਸ ਪਾਰਟੀ ਕਿਲਾ ਚੌਕ ਭੱਟੀਆਂ ਵਾਲੀ ਬਸਤੀ ਰੋਡ ’ਤੇ ਨਾਕਾਬੰਦੀ ਕਰਕੇ ਉਕਤ ਗੁਰਮੀਤ ਸਿੰਘ ਅਤੇ ਅਕਾਸ਼ ਪ੍ਰੀਤ ਸਿੰਘ ਨੂੰ 50-50 ਗ੍ਰਾਮ ਹੈਰੋਇਨ ਤੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਉਕਤ ਦੋਵਾਂ ਦੀ ਪੁੱਛਗਿੱਛ ਉਪਰੰਤ ਛਾਪੇਮਾਰੀ ਕਰਕੇ ਜੇਲ੍ਹ ਵਾਰਡਨ ਨਾਇਬ ਸਿੰਘ ਅਤੇ ਨਿਰਮਲ ਸਿੰਘ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇੰਸਪੈਕਟਰ ਬਲਦੇਵ ਸਿੰਘ ਪਤਲੀ ਨੇ ਦੱਸਿਆ ਕਿ ਮਾਣਯੋਗ ਅਦਾਲਤ ਨੇ ਮੁਲਜ਼ਮਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ।

Leave a Reply