ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਰਵੀ ਰਾਜਗੜ੍ਹ ਦਾ ਮਦਦਗਾਰ ਕਾਬੂ

ਲੁਧਿਆਣਾ : ਸੀ.ਆਈ.ਏ-2 ਦੀ ਪੁਲਸ ਪਾਰਟੀ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਰਵੀ ਰਾਜਗੜ੍ਹ ਨੂੰ ਆਪਣੇ ਘਰ ਵਿਚ ਪਨਾਹ ਦੇਣ ਵਾਲਾ ਅਤੇ ਉਸ ਦੀ ਮਦਦ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ। ਮੁਲਜ਼ਮ ਸਰਾਭਾ ਨਗਰ ਦੇ ਏਰੀਆ ਪਿੰਡ ਝੱਮਟ ਦਾ ਰਹਿਣ ਵਾਲਾ ਹਰਸ਼ਵੀਰ ਸਿੰਘ ਉਰਫ ਹਰਸ਼ ਹੈ ਜੋ ਅਜੇ ਘੁਮਾਰ ਮੰਡੀ ਸਥਿਤ ਕਾਲਜ ਦੇ ਅੰਦਰ ਬੀ.ਏ. ਦੀ ਪੜ੍ਹਾਈ ਕਰ ਰਿਹਾ ਹੈ। ਉਸ ਦਾ ਪੁਲਸ ਰਿਮਾਂਡ ਹਾਸਲ ਕਰਕੇ ਪੁਲਸ ਉਸ ਤੋਂ ਪੁੱਛਗਿਛ ਕਰ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਏੇ. ਡੀ. ਸੀ. ਪੀ. ਤੁਸ਼ਾਰ ਗੁਪਤਾ ਅਤੇ ਸੀ. ਆਈ. ਏ-2 ਦੇ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਗੈਂਗਸਟਰ ਰਾਜਵੀਰ ਸਿੰਘ ਉਰਫ ਰਵੀ ਰਾਜਗੜ੍ਹ ਦੇ ਖ਼ਿਲਾਫ ਪਹਿਲਾਂ ਵੀ ਕਈ ਗੰਭੀਰ ਧਾਰਾਵਾਂ ਦੇ ਤਹਿਤ ਕੇਸ ਦਰਜ ਹਨ। ਉਸ ’ਤੇ ਸੱਤ ਮਹੀਨੇ ਪਹਿਲਾਂ ਮੋਹਾਲੀ ਸਥਿਤ ਥਾਣਾ ਪੰਜਾਬ ਸਟੇਟ ਕ੍ਰਾਈਮ ਨੇ ਕੇਸ ਦਰਜ ਕੀਤਾ ਸੀ ਜਿਸ ਵਿਚ ਉਹ ਫਰਾਰ ਚੱਲ ਰਿਹਾ ਹੈ। ਪੰਜਾਬ ਪੁਲਸ ਉਸ ਦੀ ਭਾਲ ਕਰ ਰਹੀ ਹੈ, ਜਦੋਂਕਿ ਉਹ ਲੁਧਿਆਣਾ ਪੁਲਸ ਨੂੰ ਵੀ ਲੋੜੀਂਦਾ ਹੈ। ਪੁਲਸ ਦਾ ਕਹਿਣਾ ਹੈ ਕਿ ਏ.ਐੱਸ.ਆਈ. ਰਾਜੇਸ਼ ਕੁਮਾਰ ਦੇ ਨਾਲ ਪੁਲਸ ਪਾਰਟੀ ਸਰਾਭਾ ਨਗਰ ਇਲਾਕੇ ਵਿਚ ਮੌਜੂਦ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਝੱਮਟ ਦਾ ਰਹਿਣ ਵਾਲਾ ਹਰਸ਼ਵੀਰ ਸਿੰਘ ਉਰਫ ਹਰਸ਼ ਜੋ ਘੁਮਾਰਮੰਡੀ ਦੇ ਜੀ. ਜੀ. ਐੱਨ. ਖਾਲਸਾ ਕਾਲਜ ਵਿਚ ਬੀ.ਏ. ਦੀ ਪੜ੍ਹਾਈ ਕਰ ਰਿਹਾ ਹੈ। ਉਸ ਦੇ ਗੈਂਗਸਟਰ ਗਰੁੱਪ ਦੇ ਨਾਲ ਸੰਬੰਧ ਹਨ ਜਿਸ ਨੇ ਗੈਂਗਸਟਰਾਂ ਨੂੰ ਵੀ ਘਰ ਵਿਚ ਪਨਾਹ ਦਿੱਤੀ ਹੈ।

ਇਸ ’ਤੇ ਪੁਲਸ ਨੇ ਛਾਪੇਮਾਰੀ ਕਰਕੇ ਮੁਲਜ਼ਮ ਹਰਸ਼ ਨੂੰ ਕਾਬੂ ਕਰ ਲਿਆ। ਉਸ ਤੋਂ ਹੋਈ ਮੁੱਢਲੀ ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਉਹ ਲਾਰੈਂਸ ਗੈਂਗ ਦੇ ਗੈਂਗਸਟਰ ਰਵੀ ਰਾਜਗੜ੍ਹ ਦੇ ਸੰਪਰਕ ਵਿਚ ਸੀ। ਇਕ ਮਹੀਨੇ ਪਹਿਲਾਂ ਰਵੀ ਆਪਣੀ ਸਾਥੀ ਮਹਿਲਾ ਦੇ ਨਾਲ ਉਸ ਦੇ ਘਰ ਰਹਿਣ ਲਈ ਆਇਆ ਹੋਇਆ ਸੀ। ਉਸ ਨੇ ਉਸ ਦੀ ਹਰ ਸੰਭਵ ਮਦਦ ਕੀਤੀ ਸੀ। ਉਹ ਉਸ ਨੂੰ ਆਮ ਕਰਕੇ ਘਰ ਵਿਚ ਠਹਿਰਾਉਂਦਾ ਰਹਿੰਦਾ ਸੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿਛ ਕਰਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਰਵੀ ਦੇ ਨਾਲ ਆਈ ਔਰਤ ਕੌਣ ਸੀ ਅਤੇ ਹੁਣ ਉਹ ਲੋਕ ਕਿੱਥੇ ਹਨ।

Leave a Reply