ਓਵਰਟੇਕ ਕਰਦੇ 2 ਕਾਰਾਂ ਆਪਸ ’ਚ ਟਕਰਾਈਆਂ, ਬੱਚੇ ਸਮੇਤ 6 ਲੋਕ ਗੰਭੀਰ ਜ਼ਖਮੀ

ਅਬੋਹਰ: ਪਿੰਡ ਦੁਤਾਰਿਆਂਵਾਲੀ ਨੇੜੇ ਸ਼ੁੱਕਰਵਾਰ ਦੁਪਹਿਰ 2 ਕਾਰਾਂ ਦੀ ਆਪਸੀ ਟੱਕਰ ਕਾਰਨ ਦੋਵਾਂ ਕਾਰਾਂ ’ਚ ਸਵਾਰ 6 ਲੋਕ ਬੁਰੀ ਤਰ੍ਹਾਂ ਫੱਟੜ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫਰੀਦਕੋਟ ਰੈਫਰ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਿਰਸਾ ਵਾਸੀ ਅਜੈ ਪੁੱਤਰ ਮਦਨ ਲਾਲ, ਉਸਦੀ ਪਤਨੀ ਸ਼ਾਲੂ ਅਤੇ 3 ਸਾਲ ਦਾ ਬੇਟਾ ਪਰਵ ਕਾਰ ’ਚ ਸਿਰਸਾ ਤੋਂ ਫਾਜ਼ਿਲਕਾ ਆ ਰਹੇ ਸੀ ਕਿ ਜਦ ਉਨ੍ਹਾਂ ਦੀ ਕਾਰ ਦੁਤਾਰਿਆਂਵਾਲੀ ਕੋਲ ਪਹੁੰਚੀ ਤਾਂ ਅਬੋਹਰ ਤੋਂ ਸਿਰਸਾ ਜਾ ਰਹੀ ਕਾਰ ’ਚ ਸਵਾਰ ਗੁਰਲਾਲ ਸਿੰਘ, ਉਸਦੀ ਪਤਨੀ ਕੁਲਵਿੰਦਰ ਕੌਰ ਅਤੇ ਜਗਮੀਤ ਸਿੰਘ ਦੀ ਕਾਰ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਹੋਏ ਉਨ੍ਹਾਂ ਦੀ ਕਾਰ ’ਚ ਟਕਰਾ ਗਈ।

ਇਸ ਨਾਲ ਦੋਵਾਂ ਕਾਰਾਂ ’ਚ ਸਵਾਰ ਸਾਰੇ ਲੋਕ ਫੱਟੜ ਹੋ ਗਏ। ਉਥੋਂ ਦੇ ਸਮਾਜਸੇਵੀ ਰਮੇਸ਼ ਬਿਸ਼ਨੋਈ ਨੇ ਆਪਣੇ ਕੁਝ ਸਹਿਯੋਗੀਆਂ ਦੀ ਮਦਦ ਨਾਲ ਸਾਰੇ ਫੱਟੜਾਂ ਨੂੰ ਜਲਦ ਸਰਕਾਰੀ ਹਸਪਤਾਲ ਪਹੁੰਚਾਇਆ ਜਿਥੇ ਸਾਰੇ ਜ਼ਖਮੀਆਂ ਦਾ ਮੁੱਢਲਾ ਇਲਾਜ ਕਰਦੇ ਹੋਏ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰੈਫਰ ਕੀਤਾ ਗਿਆ।

Leave a Reply