ਦੱਖਣੀ ਕੋਰੀਆ ਦੇ ਸਾਬਕਾ ਮੰਤਰੀ ਨੂੰ ਅਹੁਦੇ ਦੀ ਦੁਰਵਰਤੋਂ ਲਈ ਦੋ ਸਾਲ ਦੀ ਕੈਦ
ਸਿਓਲ : ਦੱਖਣੀ ਕੋਰੀਆ ਦੀ ਇੱਕ ਅਦਾਲਤ ਨੇ ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਚੋ ਕੁਕ ਨੂੰ ਆਪਣੇ ਬੱਚਿਆਂ ਨੂੰ ਵੱਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਜਾਅਲੀ ਦਸਤਾਵੇਜ਼ਾਂ ਦਾ ਦੋਸ਼ੀ ਮੰਨਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇਸ ਸਕੈਂਡਲ ਦੇ ਸਾਹਮਣੇ ਆਉਣ ਤੋਂ ਬਾਅਦ ਦੱਖਣੀ ਕੋਰੀਆ ਦੀ ਪਿਛਲੀ ਸਰਕਾਰ ਆਲੋਚਨਾ ਦੇ ਘੇਰੇ ‘ਚ ਆ ਗਈ ਸੀ ਅਤੇ ਦੇਸ਼ ਭਰ ‘ਚ ਇਸ ਖ਼ਿਲਾਫ਼ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋਏ ਸਨ।
ਹਾਲਾਂਕਿ, ਸਿਓਲ ਸੈਂਟਰਲ ਡਿਸਟ੍ਰਿਕਟ ਕੋਰਟ ਨੇ ਚੋ ਨੂੰ ਤੁਰੰਤ ਗ੍ਰਿਫ਼ਤਾਰ ਨਾ ਕਰਨ ਦਾ ਫ਼ੈਸਲਾ ਕਰਦੇ ਹੋਏ ਕਿਹਾ ਕਿ ਉਸ ਦੇ ਦੇਸ਼ ਛੱਡ ਕੇ ਭੱਜਣ ਦਾ ਖਤਰਾ ਨਹੀਂ ਹੈ ਅਤੇ ਉਸਦੀ ਪਤਨੀ ਆਪਣੇ ਬੱਚਿਆਂ ਦੇ ਦਾਖਲੇ ਨਾਲ ਜੁੜੇ ਮਾਮਲੇ ਦੇ ਸਬੰਧ ਵਿੱਚ ਪਹਿਲਾਂ ਹੀ ਜੇਲ੍ਹ ਦੀ ਸਜ਼ਾ ਕੱਟ ਰਹੀ ਸੀ। ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਚੋ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਫ਼ੈਸਲੇ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਰਿਹਾ ਹੈ। ਜੇਕਰ ਚੋ ਅਗਲੇ ਸੱਤ ਦਿਨਾਂ ਦੇ ਅੰਦਰ ਅਜਿਹਾ ਕਰਦਾ ਹੈ, ਤਾਂ ਉਹ ਕੋਰਟ ਆਫ ਅਪੀਲ ਦੁਆਰਾ ਫ਼ੈਸਲਾ ਹੋਣ ਤੱਕ ਜੇਲ੍ਹ ਜਾਣ ਤੋਂ ਬਚ ਜਾਵੇਗਾ।