ਅੰਮ੍ਰਿਤਸਰ ’ਚ ਘੁੰਮਣ ਆਈ ਸਿੱਕਮ ਦੀ ਕੁੜੀ ’ਤੇ ਸਨੈਚਰਾਂ ਨੇ ਬੋਲਿਆ ਧਾਵਾ, ਆਟੋ ’ਚੋਂ ਡਿੱਗਣ ਕਾਰਣ ਮੌਤ

ਪੰਜਾਬ ਵਿੱਚ ਵੱਡੇ ਪੱਧਰ ’ਤੇ ਦੂਜੇ ਸੂਬਿਆਂ ਦੇ ਲੋਕਾਂ ਦੇ ਹੋ ਰਹੇ ਆਵਾਸ ਕਾਰਨ ਵਧ ਰਹੇ ਨੇ ਅਪਰਾਧ

ਚੋਗਾਵਾਂ/ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਇਕ ਕੁੜੀ ਦੀ ਸਨੈਚਰਾਂ ਕਾਰਣ ਮੌਤ ਹੋ ਗਈ। ਘਟਨਾ ਤੋਂ ਬਾਅਦ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਹਾਲਤ ਨਾਜ਼ੁਕ ਹੋਣ ਕਾਰਣ ਦੂਜੇ ਹਸਪਤਾਲ ’ਚ ਰੈਫਰ ਕਰਨ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲਾ ਪੁਲਸ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਢੋਡੀਵਿੰਡ ਨੇੜੇ ਅੰਮ੍ਰਿਤਸਰ-ਅਟਾਰੀ ਮੇਨ ਹਾਈਵੇ ਦਾ ਹੈ, ਜਿੱਥੇ ਲੁਟੇਰਿਆਂ ਨੇ ਆਟੋ ਰਿਕਸ਼ਾ ’ਤੇ ਜਾ ਰਹੀ ਕੁੜੀ ਕੋਲੋਂ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਣ ਉਹ ਹੇਠਾਂ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ। 

ਪ੍ਰਾਪਤ ਜਾਣਕਾਰੀ ਅਨੁਸਾਰ ਇਕ ਲੜਕੀ ਗੰਗਾ ਮਾਇਆ (29) ਪੁੱਤਰੀ ਧੰਨ ਬਹਾਦਰ ਵਾਸੀ ਗੰਗਟੋਕ ਸਿੱਕਮ ਤੋਂ ਸਾਥੀਆਂ ਸਮੇਤ ਘੁੰਮਣ ਲਈ ਅੰਮ੍ਰਿਤਸਰ ਆਈ ਸੀ, ਜੋ ਕਿ ਬਾਰਡਰ ’ਤੇ ਸੈਰਾਮਨੀ ਵੇਖਣ ਲਈ ਵਾਹਗਾ ਬਾਰਡਰ ਅਟਾਰੀ ਪੁੱਜੇ ਸਨ। ਸੈਰਾਮਨੀ ਪਰੇਡ ਵੇਖਣ ਤੋਂ ਬਾਅਦ ਆਟੋ ਰਿਕਸ਼ਾ ’ਤੇ ਵਾਪਸ ਅੰਮ੍ਰਿਤਸਰ ਨੂੰ ਜਾ ਰਹੇ ਸਨ ਕਿ ਪਿੰਡ ਢੋਡੀਵਿੰਡ ਨੇੜੇ ਮੇਨ ਹਾਈਵੇ ’ਤੇ ਲੁਟੇਰਿਆਂ ਨੇ ਲੜਕੀ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਲੜਕੀ ਹੇਠਾਂ ਡਿੱਗ ਪਈ ਅਤੇ ਗੰਭੀਰ ਰੂਪ ‘ਚ ਜ਼ਖਮੀ ਹੋ ਗਈ, ਜਿਸ ਨੂੰ ਰਣੀਕੇ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ।

ਇਸ ਸਬੰਧੀ ਪੁਲਸ ਥਾਣਾ ਘਰਿੰਡਾ ਦੇ ਐੱਸ. ਐੱਚ. ਓ. ਹਰਪਾਲ ਸਿੰਘ ਸੋਹੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ, ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Leave a Reply