ਮਜ਼ਦੂਰੀ ਦੀ ਆੜ ’ਚ ਯੂਪੀ-ਬਿਹਾਰ ਤੋਂ ਆਉਣ ਵਾਲੇ ਕਰ ਰਹੇ ਨੇ ਨਸ਼ੇ ਦੀ ਤਸਕਰੀ

ਸਮਰਾਲਾ : 6 ਸਾਲ ਪਹਿਲਾਂ ਪੰਜਾਬ ‘ਚ ਮਜ਼ਦੂਰੀ ਕਰਨ ਆਇਆ ਇੱਕ ਪ੍ਰਵਾਸੀ ਮਜ਼ਦੂਰ ਨਸ਼ੇ ਦੀ ਲੱਤ ਲੱਗਣ ਕਾਰਨ ਖੁੱਦ ਹੀ ਇੱਕ ਵੱਡਾ ਨਸ਼ਾ ਸਮਗਲਰ ਬਣ ਗਿਆ। ਇਹ ਵਿਅਕਤੀ ਪਿੱਛਲੇ ਤਿੰਨ ਸਾਲ ਤੋਂ ਪੰਜਾਬ ਵਿੱਚ ਵੱਡੇ ਪੱਧਰ ’ਤੇ ਅਫੀਮ ਦੀ ਸਪਲਾਈ ਕਰਨ ‘ਚ ਲੱਗਿਆ ਹੋਇਆ ਸੀ ਅਤੇ ਅੱਜ ਇਸ ਨੂੰ ਸਮਰਾਲਾ ਪੁਲਸ ਨੇ 1 ਕਿੱਲੋਂ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧ ’ਚ ਸੱਦੀ ਗਈ ਪ੍ਰੈਸ ਕਾਨਫੰਰਸ ਦੌਰਾਨ ਸਮਰਾਲਾ ਦੇ ਡੀ.ਐੱਸ.ਪੀ. ਵਰਿਆਮ ਸਿੰਘ ਅਤੇ ਐੱਸ.ਐੱਚ.ਓ. ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਪੁਲਸ ਚੌਕੀ ਹੇਡੋਂ ਅੱਗੇ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੈਦਲ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਜਦੋਂ ਪੁਲਸ ਪਾਰਟੀ ਨੇ ਰੋਕਦੇ ਹੋਏ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਕਿੱਲੋਂ ਅਫੀਮ ਬਰਾਮਦ ਹੋਈ।

ਡੀ.ਐੱਸ.ਪੀ. ਵਰਿਆਮ ਸਿੰਘ ਨੇ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਇਸ ਵਿਅਕਤੀ ਜਿਸ ਦੀ ਪਹਿਚਾਣ ਵਿਜੇਂਦਰ ਕੁਮਾਰ ਪੁੱਤਰ ਨੰਦ ਲਾਲ ਪਿੰਡ ਸੇਖੂਪੁਰਾ ਯੂਪੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਪੁੱਛਗਿਛ ਵਿੱਚ ਬੜਾ ਹੀ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਉਹ 6 ਸਾਲ ਪਹਿਲਾਂ ਉੱਤਰ ਪ੍ਰਦੇਸ਼ ਤੋਂ ਮਜ਼ਦੂਰੀ ਕਰਨ ਲਈ ਲੁਧਿਆਣਾ ਵਿਖੇ ਆਇਆ ਸੀ। ਕੁਝ ਦੇਰ ਮਜ਼ਦੂਰੀ ਕਰਨ ਤੋਂ ਬਾਅਦ ਉਹ ਆਟੋ ਰਿਕਸ਼ਾ ਚਲਾਉਣ ਲੱਗ ਪਿਆ ਅਤੇ ਇੱਥੋਂ ਹੀ ਉਸ ਨੂੰ ਨਸ਼ਾ ਕਰਨ ਦੀ ਆਦਤ ਪੈ ਗਈ।

ਇਸ ਦੌਰਾਨ ਉਸ ਦੀ ਇਕ ਹੋਰ ਵਿਅਕਤੀ ਨਾਲ ਦੋਸਤੀ ਪੈ ਗਈ ਅਤੇ ਉਹ ਵਿਅਕਤੀ ਇਸ ਨੂੰ ਵੱਡੇ ਪੱਧਰ ’ਤੇ ਅਫੀਮ ਲਿਆਕੇ ਦੇਣ ਲੱਗ ਪਿਆ ਅਤੇ ਵਿਜੇਂਦਰ ਕੁਮਾਰ ਇਹ ਅਫੀਮ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਸਪਲਾਈ ਕਰਨ ਲੱਗ ਪਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਵਿਅਕਤੀ ਪਿੱਛਲੇ ਤਿੰਨ ਸਾਲ ਤੋਂ ਨਸ਼ਾ ਸਪਲਾਈ ਦੇ ਧੰਦੇ ਨਾਲ ਜੁੜਿਆ ਹੋਇਆ ਸੀ ਅਤੇ ਉਸ ਨੂੰ ਸਪਲਾਈ ਦੇਣ ਵਾਲੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੁਲਸ ਕਾਰਵਾਈ ਵਿੱਚ ਜੁਟੀ ਹੋਈ ਹੈ।

Leave a Reply

error: Content is protected !!