ਭੁਲੱਥ ‘ਚ ਵੱਡੀ ਵਾਰਦਾਤ, ਪਿਸਤੌਲ ਦੀ ਨੋਕ ‘ਤੇ ਮਨੀ ਐਕਸਚੇਂਜਰ ਤੋਂ ਲੁੱਟੇ 14 ਲੱਖ ਰੁਪਏ

ਭੁਲੱਥ/ਬੇਗੋਵਾਲ: ਬੇਗੋਵਾਲ ਤੋਂ ਟਾਂਡਾ ਰੋਡ ‘ਤੇ ਬੀਤੀ ਸ਼ਾਮ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ‘ਤੇ ਸਕੂਟਰੀ ਸਵਾਰ ਵਿਅਕਤੀ ਕੋਲੋਂ 14 ਲੱਖ ਰੁਪਏ ਖੋਹ ਲਏ। ਉਕਤ ਵਿਅਕਤੀ ਬੇਗੋਵਾਲ ਵਿਖੇ ਵੈਸਟਰਨ ਯੂਨੀਅਨ ਵਿਚ ਮਨੀ ਐਕਸਚੇਂਜਰ ਦਾ ਕੰਮ ਕਰਦਾ ਹੈ ਅਤੇ ਬੀਤੀ ਸ਼ਾਮ ਆਪਣੇ ਘਰ ਜਾ ਰਿਹਾ ਸੀ। ਇਕੱਤਰ ਜਾਣਕਾਰੀ ਅਨੁਸਾਰ ਸਰੂਪ ਸਿੰਘ ਪੁੱਤਰ ਪਿਸ਼ੌਰਾ ਸਿੰਘ ਵਾਸੀ ਪਿੰਡ ਜਲਾਲਪੁਰ, ਥਾਣਾ ਟਾਂਡਾ ਨੇ ਦੱਸਿਆ ਕਿ ਉਹ ਬੇਗੋਵਾਲ ਵਿਖੇ ਵੈਸਟਰਨ ਯੂਨੀਅਨ ‘ਤੇ ਮਨੀ ਐਕਸਚੇਂਜਰ ਦੀ ਦੁਕਾਨ ਕਰਦਾ ਹੈ। ਉਸ ਦਾ ਪਿੰਡ ਜਲਾਲਪੁਰ ਬੇਗੋਵਾਲ ਤੋਂ ਟਾਂਡਾ ਰੋਡ ‘ਤੇ ਚਾਰ ਕੁ ਕਿਲਮੀਟਰ ਦੀ ਦੂਰੀ ‘ਤੇ ਹੈ। ਬੀਤੀ ਸ਼ਾਮ ਜਦੋਂ ਉਹ ਬੇਗੋਵਾਲ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਅਕਬਰਪੁਰ ਨੇੜੇ ਪਿਛੋਂ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋਂ 14 ਲੱਖ ਰੁਪਏ ਖੋਹ ਲਏ ਅਤੇ ਬਾਅਦ ਵਿਚ ਟਾਂਡਾ ਮੁੱਖ ਰੋਡ ਵੱਲ ਫਰਾਰ ਹੋ ਗਏ।

ਦੂਜੇ ਪਾਸੇ ਇਸ ਵਾਰਦਾਤ ਦਾ ਪਤਾ ਲੱਗਣ ‘ਤੇ ਥਾਣਾ ਬੇਗੋਵਾਲ ਦੀ ਪੁਲਸ ਮੌਕੇ ‘ਤੇ ਪਹੁੰਚੀ। ਇਸ ਸੰਬੰਧੀ ਗੱਲਬਾਤ ਕਰਨ ‘ਤੇ ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ ਨੇ ਦਸਿਆ ਕਿ ਇਸ ਖੋਹ ਸੰਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਇਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਪਿੰਡ ਲੰਮੇ ਦੇ ਵਿਅਕਤੀ ਕੋਲੋਂ ਨਕਦੀ ਅਤੇ ਗਹਿਣੇ ਖੋਹੇ ਸਨ।

Leave a Reply