ਤਖ਼ਤ ਸ੍ਰੀ ਦਮਦਮਾ ਸਾਹਿਬ ਕਰਵਾਇਆ ਗਿਆ ਦਸਤਾਰਬੰਦੀ ਸਮਾਗਮ, 5000 ਤੋਂ ਵੱਧ ਬੱਚਿਆਂ ਨੇ ਸਜਾਈਆਂ ਦਸਤਾਰਾਂ
ਤਲਵੰਡੀ ਸਾਬੋ: ਸਿੱਖ ਬੱਚਿਆਂ ਨੂੰ ਦਸਤਾਰ ਨਾਲ ਜੋੜਨ ਦੇ ਮਨੋਰਥ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕੀਤੇ ਕੌਮੀ ਦਸਤਾਰਬੰਦੀ ਸਮਾਗਮਾਂ ਦੀ ਲੜੀ ਵਿੱਚ ਅੱਜ ਦੂਜਾ ‘ਕੌਮੀ ਦਸਤਾਰਬੰਦੀ ਸਮਾਗਮ’ ਸਿੱਖ ਕੌਮ ਦੇ ਚੌਥੇ ਤਖ਼ਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਭਗਤ, ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਕਰਵਾਇਆ ਗਿਆ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਬੱਚਿਆਂ ਨੇ ਸ਼ਮੂਲੀਅਤ ਕਰ ਆਪਣੇ ਸਿਰ ਦਸਤਾਰਾਂ ਸਜਾਈਆਂ। ਅੱਜ ਸਵੇਰ ਤੋਂ ਹੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਬੱਚੇ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣੇ ਸ਼ੁਰੂ ਹੋ ਗਏ ਸਨ।
ਉਕਤ ਸਮਾਗਮ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਝੱਬਰ ਨੇ ਦੱਸਿਆ ਕਿ ਬੱਚਿਆਂ ‘ਚ ਦਸਤਾਰਾਂ ਸਜਾਉਣ ਨੂੰ ਲੈ ਕੇ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਤਖ਼ਤ ਸਾਹਿਬ ਵਿਖੇ ਲਗਾਏ 10 ਰਜਿਸਟ੍ਰੇਸ਼ਨ ਟੇਬਲਾਂ ਤੇ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਪ੍ਰਬੰਧਕਾਂ ਮੁਤਾਬਕ ਵੱਖ-ਵੱਖ ਸੂਬਿਆਂ ‘ਚ ਕਾਰਜਸ਼ੀਲ ਦਸਤਾਰ ਫੈਡਰੇਸ਼ਨਾਂ ਦੇ ਕੋਚ ਸਾਹਿਬਾਨ ਦੀ ਮਦਦ ਸਦਕਾ ਅੱਜ ਕਰੀਬ 5000 ਬੱਚਿਆਂ ਨੇ ਆਪਣੇ ਸਿਰ ਦਸਤਾਰਾਂ ਸਜਾਈਆਂ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਅਮੋਲਕ ਦਾਤ ਹੈ। ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਗਰੂਕ ਕਰਨਾ ਅਤੇ ਕੇਸਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਇਸ ਮੌਕੇ ਪਹੁੰਚੇ ਸਮੂਹ ਵਿਦਿਆਰਥੀਆਂ, ਸਕੂਲਾਂ ਤੋਂ ਆਏ ਅਧਿਆਪਕ ਸਾਹਿਬਾਨ, ਦਸਤਾਰ ਕੋਚ ਸਾਹਿਬਾਨ ਅਤੇ ਹੋਰਨਾਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ‘ਚ ਅੰਤ੍ਰਿੰਗ ਕਮੇਟੀ ਕਮੇਟੀ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰਕ ਕਮੇਟੀ ਦੇ ਮੈਂਬਰਾਂ ਆਦਿ ਵੱਲੋਂ ਸ਼ਿਰਕਟ ਕੀਤੀ ਗਈ।