ਖ਼ਤਰੇ ਦੀ ਦਹਿਲੀਜ਼ ‘ਤੇ ਪੰਜਾਬ, ਹੈਰਾਨ ਕਰਨਗੇ ਕੈਂਸਰ ਦੇ ਮਰੀਜ਼ਾਂ ਦੇ ਅੰਕੜੇ

ਆਧੁਨਿਕ ਮੈਡੀਕਲ ਵਿਗਿਆਨ ਅਤੇ ਦਵਾਈਆਂ ਨੇ ਕਈ ਨਾਮੁਰਾਦ ਰੋਗਾਂ ’ਤੇ ਜਿੱਤ ਹਾਸਲ ਕਰ ਲਈ ਹੈ ਅਤੇ ਕੁਝ ਨੂੰ ਰੋਕ ਦਿੱਤਾ ਹੈ ਪਰ ਖ਼ਤਰਨਾਕ ਕੈਂਸਰ ਸਾਰੀਆਂ ਇਲਾਜ ਪ੍ਰਣਾਲੀਆਂ ਨੂੰ ਚਕਮਾ ਦੇ ਕੇ ਅੱਗੇ ਵਧਣ ਵਾਲਾ ਰੋਗ ਸਾਬਤ ਹੋਇਆ ਹੈ। ਪਿਛਲੇ 20 ਸਾਲਾਂ ’ਚ ਦੁਨੀਆ ਭਰ ’ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ’ਚ ਕੈਂਸਰ ਦੇ ਰੋਗੀਆਂ ਦੀ ਗਿਣਤੀ ਵਧੀ ਹੈ। ਪੰਜਾਬ ’ਚ ਕੈਂਸਰ ਦੇ ਮਾਮਲੇ 2018 ’ਚ 36801, 2019 ’ਚ 37744 ਅਤੇ 2020 ’ਚ ਵਧ ਕੇ 38636 ਹੋ ਗਏ।

ਹਰਿਆਣਾ ’ਚ 2018 ’ਚ 27665, 2019 ’ਚ 28453 ਅਤੇ 2020 ’ਚ 29219 ਕੈਂਸਰ ਦੇ ਮਾਮਲੇ ਪਾਏ ਗਏ। ਹਿਮਾਚਲ ’ਚ 2018 ’ਚ 8012, 2019 ’ਚ 8589 ਅਤੇ 2020 ’ਚ 8777 ਮਾਮਲੇ ਪਾਏ ਗਏ। ਚੰਡੀਗੜ੍ਹ ’ਚ 2018 ’ਚ 966, 2019 ’ਚ 994 ਅਤੇ 2020 ’ਚ 1024 ਮਾਮਲੇ ਪਾਏ ਗਏ। ਮੌਜੂਦਾ ਸਮੇਂ ਪੰਜਾਬ ’ਚ 1 ਲੱਖ ਲੋਕਾਂ ’ਤੇ 90 ਮਰੀਜ਼ ਕੈਂਸਰ ਨਾਲ ਪੀੜਤ ਹਨ।

ਜਾਗਰੂਕਤਾ ਦੀ ਘਾਟ

ਪਿਛਲੇ 7 ਸਾਲਾਂ ਦੀ ਗੱਲ ਕਰੀਏ ਤਾਂ ਹਰ ਸਾਲ ਔਸਤਨ 7586 ਨਵੇਂ ਮਾਮਲੇ ਆਏ ਹਨ। ਬੇਸ਼ੱਕ ਹੀ ਸਰਕਾਰ ਕੈਂਸਰ ਪੀੜਤਾਂ ਦੇ ਇਲਾਜ ’ਤੇ ਕਰੋੜਾਂ ਰੁਪਏ ਖ਼ਰਚ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਜਾਗਰੂਕਤਾ ਦੀ ਘਾਟ ਕਾਰਨ ਇਸ ਦੀ ਕਹਾਣੀ ਉਲਟੀ ਹੈ। ਅੱਜ ਵੀ ਕਈ ਔਰਤਾਂ ਸ਼ਰਮ ਅਤੇ ਡਰ ਦੇ ਕਾਰਨ ਬਿਮਾਰੀ ਦੱਸਣ ਨੂੰ ਤਿਆਰ ਨਹੀਂ ਹਨ। ਡਾਕਟਰ ਦੱਸਦੇ ਹਨ ਕਿ ਇੱਥੇ ਕੈਂਸਰ ਦਾ ਇਲਾਜ ਕਰਵਾਉਣ ਵਾਲੇ ਮੰਨਦੇ ਹਨ ਕਿ ਕੈਂਸਰ ਪੀੜ੍ਹੀ ਦਰ ਪੀੜ੍ਹੀ ਹੋਣ ਵਾਲੀ ਬਿਮਾਰੀ ਹੈ ਜਦਕਿ ਮੈਡੀਕਲ ਸਾਇੰਸ ’ਚ ਸਿਰਫ਼ 5 ਫ਼ੀਸਦੀ ਕੈਂਸਰ ਹਨ ਜੋ ਮਾਂ-ਬਾਪ ਤੋਂ ਅੱਗੇ ਬੱਚਿਆਂ ਨੂੰ ਹੁੰਦਾ ਹੈ।

ਪੰਜਾਬ ’ਚ ਕੈਂਸਰ ਦੀਆਂ ਉੱਚ ਘਟਨਾਵਾਂ ਦੇ ਲਈ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਨੂੰ ਇਕ ਕਾਰਨ ਦੇ ਰੂਪ ’ਚ ਦਰਸਾਇਆ ਗਿਆ ਹੈ। ਇਕ ਟ੍ਰਿਕਲ-ਟਾਊਨ ਪ੍ਰਭਾਵ ਪੂਰੇ ਦੇਸ਼ ’ਚ ਮਹਿਸੂਸ ਕੀਤਾ ਜਾ ਸਕਦਾ ਹੈ। ਦੱਖਣੀ-ਪੱਛਮੀ ਪੰਜਾਬ ਦੇ ਕਪਾਹ ਉਗਾਉਣ ਵਾਲੇ ਜ਼ਿਲ੍ਹਿਆਂ ’ਚ ਕੈਂਸਰ ਦੀਆਂ ਆਮ ਤੌਰ ’ਤੇ ਉੱਚ ਘਟਨਾਵਾਂ ਹਨ ਜੋ ਹੋਰਨਾਂ ਕਾਰਕਾਂ ਦੇ ਨਾਲ ਕੀਟਨਾਸ਼ਕਾਂ ਦੀ ਵਰਤੋਂ ਨਾਲ ਜੁੜੀਆਂ ਹੋਈਆਂ ਹਨ।

ਮੌਤ ਦਰ ’ਚ ਵਾਧਾ ਚਿੰਤਾਜਨਕ

ਕੋਰੋਨਾ ਵਾਇਰਸ ਕਾਲ ’ਚ ਕੈਂਸਰ, ਟੀ.ਬੀ. ਅਤੇ ਦਿਲ ਦੇ ਦੌਰੇ ਵਰਗੀਆਂ ਬਿਮਾਰੀਆਂ ਦੇ ਅੰਕੜੇ ਸਾਹਮਣੇ ਨਹੀਂ ਆਏ ਸਨ। ਹੁਣ ਕੈਂਸਰ ਦੇ ਮਾਮਲਿਆਂ ਦੇ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਹਨ ਉਹ ਦੇਸ਼ ਦੀ ਭਿਆਨਕ ਸਥਿਤੀ ਨੂੰ ਦਰਸਾਉਂਦੇ ਹਨ। ਖ਼ੁਦ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਕੁਝ ਹੀ ਦਿਨ ਪਹਿਲਾਂ ਰਾਜ ਸਭਾ ’ਚ ਅਧਿਕਾਰਕ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 2020 ਅਤੇ 2022 ਦੇ ਦਰਮਿਆਨ ਦੇਸ਼ ’ਚ ਕੈਂਸਰ ਦੇ ਅੰਦਾਜ਼ਨ ਮਾਮਲੇ ਤੇ ਇਸ ਦੇ ਕਾਰਨ ਹੋਣ ਵਾਲੀ ਮੌਤ ਦਰ ’ਚ ਵਾਧਾ ਹੋਇਆ ਹੈ।

ਡਬਲਿਊ.ਐੱਚ.ਓ. ਦੇ ਇਕ ਅੰਦਾਜ਼ੇ ਅਨੁਸਾਰ 2018 ’ਚ ਕੈਂਸਰ ਨਾਲ ਕੁੱਲ 97 ਲੱਖ ਮੌਤਾਂ ਹੋਈਆਂ ਸਨ। ਇਨ੍ਹਾਂ ’ਚੋਂ 70 ਫ਼ੀਸਦੀ ਮੌਤਾਂ ਗ਼ਰੀਬ ਦੇਸ਼ ਜਾਂ ਭਾਰਤ ਵਰਗੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ’ਚ ਹੋਈਆਂ। ਇਸੇ ਰਿਪੋਰਟ ਅਨੁਸਾਰ, ਭਾਰਤ ’ਚ ਕੈਂਸਰ ਨਾਲ 784 ਲੱਖ ਮੌਤਾਂ ਹੋਈਆਂ ਭਾਵ ਕੈਂਸਰ ਨਾਲ ਹੋਈਆਂ ਕੁੱਲ ਮੌਤਾਂ ਦੀਆਂ 8 ਫ਼ੀਸਦੀ ਮੌਤਾਂ ਇਕੱਲੇ ਭਾਰਤ ’ਚ ਹੋਈਆਂ।

ਕੈਂਸਰ ਦਾ ਪ੍ਰਸਾਰ ਤੇ ਇਲਾਜ

ਦੁਨੀਆ ਭਰ ਦੇ ਦੇਸ਼ਾਂ ’ਚ ਕੈਂਸਰ ਦੇ ਵਿਰੁੱਧ ਜੰਗ ਜਾਰੀ ਹੈ ਪਰ ਜਿਸ ਤੇਜ਼ੀ ਨਾਲ ਇਲਾਜ ਦੇ ਉਪਾਅ ਲੱਭੇ ਜਾ ਰਹੇ ਹਨ ਉਸ ਤੋਂ ਵੱਧ ਤੇਜ਼ੀ ਨਾਲ ਇਸ ਦਾ ਪ੍ਰਸਾਰ ਹੋ ਰਿਹਾ ਹੈ। ਭਾਰਤ ’ਚ ਬਦਲਵੇਂ ਇਲਾਜ ਦੇ ਖੇਤਰ ’ਚ ਕਈ ਦਹਾਕੇ ਤੋਂ ਕੰਮ ਕਰਨ ਵਾਲੀ ਇਕ ਮੋਹਰੀ ਸੰਸਥਾ ਡੀ.ਐੱਸ ਰਿਸਰਚ ਸੈਂਟਰ ਦੇ ਵਿਗਿਆਨੀਆਂ ਨੇ ਖੁਰਾਕੀ ਪਦਾਰਥਾਂ ਦੀ ਪੋਸ਼ਕ ਊਰਜਾ ਤੋਂ ਕੈਂਸਰ ਦੀ ਦਵਾਈ ਤਿਆਰ ਕੀਤੀ ਹੈ।

ਸ਼ੁਰੂ ’ਚ ਇਸ ਦਾ ਟੈਸਟ ਕੈਂਸਰ ਦੇ ਕਈ ਮਰਨ ਕਿਨਾਰੇ ਪਏ ਰੋਗੀਆਂ ’ਤੇ ਕੀਤਾ ਗਿਆ। ਇਨ੍ਹਾਂ ਰੋਗੀਆਂ ’ਚ ਕਈ ਤੰਦਰੁਸਤ ਹੋ ਕੇ ਅੱਜ ਵੀ ਜਿਉਂਦੇ ਹਨ। ਕਈ ਰੋਗੀਆਂ ’ਚ ਆਸ ਅਨੁਸਾਰ ਸੁਧਾਰ ਹੋਇਆ ਜਿਸ ਦੀ ਪੁਸ਼ਟੀ ਉਨ੍ਹਾਂ ਦੀਆਂ ਜਾਂਚ ਰਿਪੋਰਟਾਂ ਤੋਂ ਸਾਬਤ ਹੋਈ। ਹਾਲ ਹੀ ’ਚ ਇਸ ਦਵਾਈ ਦਾ ਟੈਸਟ ਕੋਲਕਾਤਾ ਦੀ ਯਾਦਵਪੁਰ ਯੂਨੀਵਰਸਿਟੀ ਦੇ ਨਿਦਾਨਕ ਖੋਜ ਕੇਂਦਰ (ਸੀ. ਆਰ. ਸੀ.) ਨੇ ਵੀ ਕੀਤਾ।

ਸੀ. ਆਰ. ਸੀ. ਵੱਖ-ਵੱਖ ਰੋਗਾਂ ਲਈ ਦਵਾਈਆਂ ਦਾ ਨਿਦਾਨਕ ਪ੍ਰੀਖਣ ਕਰਦਾ ਹੈ। ਇਸੇ ਸਬੰਧ ’ਚ ਉਨ੍ਹਾਂ ਨੇ ਸਰਵਪ੍ਰਿਸ਼ਟੀ ਦਾ ਇਕ ਨਿਦਾਨਕ ਪ੍ਰੀਖਣ ਕੀਤਾ। ਕਿਸੇ ਦਵਾਈ ਦੇ ਅਸਰ ਕਰਨ ਦਾ ਪੱਧਰ ਯਕੀਨੀ ਬਣਾਉਣ ਲਈ ਆਮ ਤੌਰ ’ਤੇ 2 ਕਿਸਮ ਦਾ ਟੈਸਟ ਕੀਤਾ ਜਾਂਦਾ ਹੈ, ਪਹਿਲਾ ਦਵਾਈ (ਫਾਰਮਾਕੋਲਾਜੀਕਲ) ਟੈਸਟ ਅਤੇ ਦੂਜਾ ਜ਼ਹਿਰ ਵਿਦਿਆ ਸਬੰਧੀ (ਟੋਕਸੀਕੋਲਾਜੀਕਲ) ਟੈਸਟ। ਇਹ ਟੈਸਟ ਦਰਾਮਦ ਕੀਤੇ ਸਫੈਦ ਚੂਹਿਆਂ ’ਤੇ ਕੀਤੇ ਗਏ।

ਪਸ਼ੂ ਸਰੀਰ ’ਚ ਕੈਂਸਰ ਕੋਸ਼ਿਕਾਵਾਂ ਦੀ ਪ੍ਰਵਿਸ਼ਟੀ ਕਰਾਈ ਗਈ ਤੇ ਜਦੋਂ ਟਿਊਮਰ ਤਿਆਰ ਹੋ ਗਿਆ ਤਦ ਦਵਾਈ ਦੇਣੀ ਸ਼ੁਰੂ ਕੀਤੀ। ‘ਪੋਸ਼ਕ ਊਰਜਾ’ ਦੇ ਟੈਸਟ ਦੀ ਸਥਿਤੀ ’ਚ 14 ਦਿਨਾਂ ਬਾਅਦ ਜੋ ਪ੍ਰਤੀਕਿਰਿਆਵਾਂ ਦੇਖੀਆਂ ਗਈਆਂ ਉਨ੍ਹਾਂ ’ਚ ਕੋਸ਼ਿਕਾਵਾਂ ਦੀ ਗਿਣਤੀ ਸਪੱਸ਼ਟ ਤੌਰ ’ਤੇ ਘੱਟ ਹੋਣੀ ਸ਼ੁਰੂ ਹੋ ਗਈ ਸੀ। ਪਸ਼ੂ ਸਰੀਰ ’ਚ ਕੋਈ ਅਲਸਰ ਪੈਦਾ ਨਹੀਂ ਹੋਇਆ।

ਟਿਊਮਰ ਵਿਕਾਸ ਦਰ 46 ਫ਼ੀਸਦੀ ਤੱਕ ਘੱਟ ਹੋ ਗਈ ਸੀ ਅਤੇ ਦਵਾਈ ਦਾ ਜ਼ਹਿਰੀਲਾਪਨ ਲਗਭਗ ਜ਼ੀਰੋ ਸੀ। ਅਜਿਹੇ ਹਾਂਪੱਖੀ ਨਤੀਜੇ ਹਾਲ ਦੇ ਸਮੇਂ ’ਚ ਨਹੀਂ ਦੇਖੇ ਗਏ ਸਨ। ਇਸ ਦਵਾਈ ’ਚ ਕੈਂਸਰ ਨੂੰ ਰੋਕਣ ਅਤੇ ਉਸ ਨਾਲ ਲੜਨ ਦੀਆਂ ਅਥਾਹ ਸੰਭਾਵਨਾਵਾਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਤੁਹਾਡੇ ਕੈਂਸਰ ਦੇ ਡਾਇਗਨੋਸਿਸ ’ਚ ਕੁਝ ਦਿਨਾਂ ਦੀ ਦੇਰੀ ਵੀ ਖ਼ਤਰਨਾਕ ਹੋ ਸਕਦੀ ਹੈ। ਦੂਜੀ ਹਾਂਪੱਖੀ ਗੱਲ ਇਹ ਹੈ ਕਿ ਅਸੀਂ ਥਾਈਰਾਇਡ, ਓਵੇਰੀਅਨ ਅਤੇ ਬ੍ਰੈਸਟ ਕੈਂਸਰ ਵਰਗੇ ਕੁਝ ਕਿਸਮ ਦੇ ਕੈਂਸਰ ਦੇ ਲਗਭਗ 100 ਫ਼ੀਸਦੀ ਇਲਾਜ ਦੇ ਨੇੜੇ ਪਹੁੰਚ ਗਏ ਹਾਂ।

ਟੈਸਟਕੁਲਰ ਅਤੇ ਥਾਈਰਾਇਡ ਵਰਗੇ ਕੈਂਸਰ ਨੂੰ ਲੈ ਕੇ ਅਸੀਂ ਅਸਾਨੀ ਨਾਲ ਕਹਿ ਸਕਦੇ ਹਾਂ ਕਿ ਠੀਕ ਹੋਣ ਦੀ 100 ਫ਼ੀਸਦੀ ਸੰਭਾਵਨਾ ਹੈ ਪਰ ਕੈਂਸਰ ਦੇ ਹੋਰਨਾਂ ਰੂਪਾਂ ਜਿਵੇਂ ਕਿ ਪੇਨਕ੍ਰਿਏਟਿਕ ਦੇ ਮਾਮਲੇ ’ਚ ਬਚਣ ਦੀ ਸੰਭਾਵਨਾ ਘੱਟ ਹੈ।

  ਨਿਰੰਕਾਰ ਸਿੰਘ

Leave a Reply