ਤੁਰਕੀ ‘ਚ ਮੁੜ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਹੁਣ ਤੱਕ 1500 ਤੋਂ ਵਧੇਰੇ ਮੌਤਾਂ ਦੀ ਪੁਸ਼ਟੀ

ਅੰਕਾਰਾ: ਤੁਰਕੀ ਵਿਚ ਇਕ ਦੇ ਬਾਅਦ ਇਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਸੋਮਵਾਰ ਸਵੇਰੇ ਰਿਕਟਰ ਸਕੇਲ ‘ਤੇ 7.8 ਦੀ ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿਚ ਹੁਣ ਤੱਕ 1500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਝਟਕੇ ਦੇ ਲਗਭਗ 12 ਘੰਟੇ ਬਾਅਦ ਸ਼ਾਮ ਸਾਢੇ 4 ਵਜੇ ਕਰੀਬ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹਨਾਂ ਝਟਕਿਆਂ ਨਾਲ ਲੋਕ ਦਹਿਸ਼ਤ ਵਿਚ ਆ ਗਏ ਹਨ। ਇਸ ਵਾਰ ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 7.5 ਰਹੀ। ਭੂਚਾਲ ਨਾਲ ਹੁਣ ਤੱਕ 6500 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਗਿਆ ਹੈ।

6 ਵਾਰ ਲੱਗੇ ਝਟਕੇ

ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਟਵੀਟ ਕਰ ਕੇ ਦੱਸਿਆ ਕਿ ਭੂਚਾਲ ਪ੍ਰਭਾਵਿਤ ਇਲਾਕਿਆਂ ਵਿਚ ਬਚਾਅ ਮੁਹਿੰਮ ਜਾਰੀ ਹੈ। ਭੂਚਾਲ ਦੇ ਦੌਰਾਨ ਘੱਟੋ-ਘੱਟ 6 ਵਾਰ ਝਟਕੇ ਲੱਗੇ। ਰਾਸ਼ਟਰਪਤੀ ਰੇਸੇਪ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੁਕਸਾਨੀਆਂ ਗਈਆਂ ਇਮਾਰਤਾਂ ਵਿਚ ਨਾ ਜਾਣ। 7.8 ਦੀ ਤੀਬਰਤਾ ਮਗਰੋਂ 7.5 ਦੀ ਤੀਬਰਤਾ ਦਾ ਦੂਜਾ ਵੱਡਾ ਭੂਚਾਲ ਆਇਆ। ਇਸ ਨਾਲ ਲੋਕ ਦਹਿਸ਼ਤ ਵਿਚ ਆ ਗਏ। ਦੋਵਾਂ ਭੂਚਾਲਾਂ ਨੇ ਤੁਰਕੀ ਅਤੇ ਸੀਰੀਆ ਨੂੰ 6 ਵਾਰ ਹਿਲਾ ਦਿੱਤਾ। ਸਭ ਤੋਂ ਵੱਡਾ ਝਟਕਾ 40 ਸਕਿੰਟ ਤੱਕ ਮਹਿਸੂਸ ਕੀਤਾ ਗਿਆ।

ਭਾਰਤ NDRF ਦੀਆਂ 2 ਟੀਮਾਂ ਤੁਰਕੀ ਭੇਜੇਗਾ

ਪੀ.ਐੱਮ. ਨਰਿੰਦਰ ਮੋਦੀ ਦੇ ਨਿਰਦੇਸ਼ਾਂ ‘ਤੇ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਪੀਕੇ ਮਿਸ਼ਰਾ ਨੇ ਤੁਰਕੀ ਨੂੰ ਤੁਰੰਤ ਸਹਾਇਤਾ ਦੇ ਮੁੱਦੇ ‘ਤੇ ਇੱਕ ਅਹਿਮ ਬੈਠਕ ਬੁਲਾਈ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਹੈ ਕਿ NDRF ਅਤੇ ਮੈਡੀਕਲ ਟੀਮਾਂ ਨੂੰ ਖੋਜ ਅਤੇ ਬਚਾਅ ਕਾਰਜ ਲਈ ਤੁਰਕੀ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਜਲਦੀ ਤੋਂ ਜਲਦੀ ਰਾਹਤ ਸਮੱਗਰੀ ਵੀ ਤੁਰਕੀ ਭੇਜੀ ਜਾਵੇਗੀ। NDRF ਦੀਆਂ ਦੋ ਟੀਮਾਂ ‘ਚ 100 ਜਵਾਨ ਹੋਣਗੇ। ਇਨ੍ਹਾਂ ਵਿੱਚ ਡਾਗ ਸਕੁਐਡ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਟੀਮਾਂ ਲੋੜੀਂਦਾ ਸਾਮਾਨ ਵੀ ਆਪਣੇ ਨਾਲ ਲੈ ਕੇ ਜਾਣਗੀਆਂ। ਮੈਡੀਕਲ ਟੀਮ ਵਿੱਚ ਡਾਕਟਰ, ਹੋਰ ਸਟਾਫ਼ ਅਤੇ ਜ਼ਰੂਰੀ ਦਵਾਈਆਂ ਮੌਜੂਦ ਰਹਿਣਗੀਆਂ।

Leave a Reply