ਲੀਬੀਆ ’ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮੰਤਰੀ ਤੋਂ ਮਿਲਿਆ ਸਿਰਫ਼ ਭਰੋਸਾ

ਸ੍ਰੀ ਅਨੰਦਪੁਰ ਸਾਹਿਬ : ਲੀਬੀਆ ’ਚ ਫਸੇ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਲੰਗ ਮਜਾਰੀ ਦੇ ਪੰਜ ਨੌਜਵਾਨਾਂ ਸਮੇਤ 12 ਨੌਜਵਾਨ ਦੀ ਮਦਦ ਲਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਵਾਜ਼ ਚੁੱਕੀ ਹੈ। ਹਰਜੋਤ ਸਿੰਘ ਬੈਂਸ ਨੇ ਲੀਬੀਆ ਵਿਚ ਫਸੇ ਸਾਰੇ 12 ਭਾਰਤੀਆਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਲਗਾਤਾਰ ਭਾਰਤੀ ਦੂਤਾਵਾਸ ਅਤੇ ਧੋਖਾਧੜੀ ਦੇ ਪੀੜਤਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਨੂੰ ਲੋੜੀਂਦਾ ਸਾਮਾਨ ਪਹੁੰਚਾ ਦਿੱਤਾ ਗਿਆ ਹੈ ਅਤੇ ਉਹ ਸਾਰੇ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਲੀਬੀਆ ’ਚ ਫਸੇ ਭਾਰਤੀ ਅਗਲੇ ਕੁਝ ਦਿਨਾਂ ਵਿਚ ਆਪਣੇ ਪਰਿਵਾਰਾਂ ’ਚ ਸੁਰੱਖਿਅਤ ਪੁੱਜ ਜਾਣਗੇ।

ਸਿੱਖਿਆ ਮੰਤਰੀ ਨੇ ਕਿਹਾ ਕਿ ਧੋਖਾਧੜੀ ਦਾ ਸ਼ਿਕਾਰ 12 ਭਾਰਤੀ ਦਸੰਬਰ ਵਿਚ ਤਿੰਨ ਵੱਖ-ਵੱਖ ਕਾਫ਼ਲਿਆਂ ’ਚ ਦੁਬਈ ਤੋਂ ਲੀਬੀਆ ਪਹੁੰਚੇ ਸਨ। ਇਨ੍ਹਾਂ 12 ਨੌਜਵਾਨਾਂ ’ਚੋਂ 7 ਜ਼ਿਲ੍ਹਾ ਰੂਪਨਗਰ ਦੇ ਹਨ ਅਤੇ ਚਾਰ ਉਸ ਦੇ ਗੁਆਂਢੀ ਪਿੰਡ ਲੰਗਮਜਾਰੀ ਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੱਤਾਂ ਤੋਂ ਇਲਾਵਾ 1 ਆਸਪੁਰ, 1 ਮੋਗਾ, 1 ਕਪੂਰਥਲਾ, 1 ਹਿਮਾਚਲ ਪ੍ਰਦੇਸ਼ ਤੇ 1 ਬਿਹਾਰ ਦਾ ਨੌਜਵਾਨ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਲੀਬੀਆ ਵਿਚ ਫਸੇ ਨੌਜਵਾਨਾਂ ਦੀ ਵੀਡੀਓ ਸਾਂਝੀ ਕੀਤੀ ਹੈ। ਬੈਂਸ ਨੇ ਦੱਸਿਆ ਕਿ ਭਾਰਤੀ ਵਿਦੇਸ਼ ਸੇਵਾਵਾਂ ਦੇ ਲੀਬੀਆ ਨਾਲ ਸਬੰਧਤ ਅਧਿਕਾਰੀ ਨਾਲ ਤਾਲਮੇਲ ਕਰ ਕੇ ਭਾਰਤੀ ਨੌਜਵਾਨਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਸਾਂਝੀ ਕਰਨ ਮਗਰੋਂ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਸਾਰੇ 12 ਭਾਰਤੀਆਂ ਨਾਲ ਸੰਪਰਕ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਭਾਰਤੀ ਦੂਤਾਵਾਸ ਦੇ ਅਧਿਕਾਰੀ ਲਗਾਤਾਰ ਭਾਰਤੀ ਨੌਜਵਾਨਾਂ ਨਾਲ ਸੰਪਰਕ ਵਿਚ ਹਨ। ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਨੌਜਵਾਨਾਂ ਨੂੰ ਰਸਦ ਪਹੁੰਚਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੂਤਾਵਾਸ ਅਧਿਕਾਰੀਆਂ ਨੇ ਫੱਟੜ ਨੌਜਵਾਨ ਦਾ ਇਲਾਜ ਕਰਵਾ ਦਿੱਤਾ ਹੈ ਅਤੇ ਮਾਲੀ ਮਦਦ ਵੀ ਪਹੁੰਚਾਈ ਗਈ ਹੈ। ਬੈਂਸ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਨੇ ਸਾਰੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਉਹ ਛੇਤੀ ਹੀ ਆਪਣੇ ਮੁਲਕ ਪਰਤਣਗੇ।

Leave a Reply

error: Content is protected !!