ਮੂਸੇਵਾਲਾ ਕਤਲ ਕਾਂਡ ’ਚ ਫਰੀਦਕੋਟ ਜੇਲ੍ਹ ’ਚ ਬੰਦ ਗੈਂਗਸਟਰ ਡਾਗਰ ਦਾ ਵੱਡਾ ਕਾਰਨਾਮਾ ਆਇਆ ਸਾਹਮਣੇ
ਫ਼ਰੀਦਕੋਟ: ਸਥਾਨਕ ਜੇਲ੍ਹ ਦੇ ਹਾਈ ਸਕਿਓਰਿਟੀ ਜ਼ੋਨ ਵਿਚ ਬੰਦ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਿਲ ਗੈਂਗਸਟਰ ਮੋਨੂੰ ਡਾਗਰ ਪੁੱਤਰ ਰਾਮ ਕੁਮਾਰ ਵਾਸੀ ਥਾਣਾ ਮੁਰਬਲ ਜ਼ਿਲ੍ਹਾ ਸੋਨੀਪਤ ਹਰਿਆਣਾ ਕੋਲੋਂ ਇਕ ਟੱਚ ਸਕਰੀਨ ਮੋਬਾਇਲ ਬਰਾਮਦ ਹੋਇਆ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਜੇਲ੍ਹ ਪ੍ਰਸ਼ਾਸਨ ਸੁਰੱਖਿਆ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ, ਉੱਥੇ ਹੀ ਇਹ ਗੱਲ ਇਸ ਲਈ ਮੰਦਭਾਗੀ ਵੀ ਸਾਬਤ ਹੋ ਰਹੀ ਹੈ ਕਿ ਅਜਿਹੇ ਖਤਰਨਾਕ ਅਪਰਾਧੀ ਜੇਲ੍ਹ ਵਿਚ ਬੈਠ ਕੇ ਵੀ ਕਿਸ ਤਰ੍ਹਾਂ ਆਪਣਾ ਨੈੱਟਵਰਕ ਆਸਾਨੀ ਨਾਲ ਚਲਾ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਵੇਲੇ ਫ਼ਰੀਦਕੋਟ ਜੇਲ੍ਹ ਮੋਬਾਇਲ ਬਰਾਮਦਗੀ ਪੱਖੋਂ ਸੂਬੇ ਵਿਚੋਂ ਪਹਿਲੇ ਸਥਾਨ ’ਤੇ ਹੈ ਅਤੇ ਜਿੱਥੋਂ ਤੱਕ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ ਉਸ ਪ੍ਰਤੀ ਸਥਾਨਕ ਪੁਲਸ ਵਿਭਾਗ ਅਤੇ ਇੱਥੋਂ ਤੱਕ ਕਿ ਜੇਲ੍ਹ ਮੰਤਰੀ ਵੱਲੋਂ ਕੀਤੇ ਜਾ ਰਹੇ ਦਾਅਵੇ ਅਜੇ ਤੱਕ ਖੋਖਲੇ ਹੀ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ।
ਸਹਾਇਕ ਸੁਪਰਡੈਂਟ ਅਨੁਸਾਰ ਬਲਾਕ-ਕੇ ਦੀ ਬੈਰਕ ਦੀ ਕੰਧ ਨਾਲ ਜੁਰਾਬ ਵਿਚ ਪਾ ਕੇ ਟੰਗੇ ਹੋਏ 2 ਮੋਬਾਇਲ ਜਦਕਿ ਬੈਰਕਾਂ ਵਿਚ ਲੁਕਾ ਕੇ ਰੱਖੇ ਹੋਏ 2 ਮੋਬਾਇਲ ਜਦਕਿ ਜੇਲ੍ਹ ਦੇ ਟਾਵਰ 3 ਅਤੇ 4 ਦਰਮਿਆਨ ਏਰੀਏ ਵਿਚੋਂ ਬਰਾਮਦ ਹੋਈਆਂ 2 ਗੇਂਦਾਂ ਅਤੇ ਬਲਾਕ-ਕੇ ਦੇ ਪਿਛਲੇ ਪਾਸਿਓਂ ਬਰਾਮਦ 11 ਗੇਂਦਾਂ ਵਿਚੋਂ 4 ਕੀਪੈਡ ਮੋਬਾਇਲ, 30 ਪੁੜੀਆਂ ਜਰਦਾ, 4 ਬੰਡਲ ਬੀੜੀਆਂ, ਅਤੇ ਮੋਬਾਇਲ ਚਾਰਜਰ ਆਦਿ ਬਰਾਮਦ ਹੋਏ। ਇਸ ਮਾਮਲੇ ਵਿਚ ਡੀ. ਐੱਸ. ਪੀ ਜਸਮੀਤ ਸਿੰਘ ਨੇ ਕਿਹਾ ਕਿ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਮੁਕੱਦਮਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਕਰ ਰਹੀ ਹੈ।