ਪੰਜਾਬ ਸਰਕਾਰ ਦਾ ਅਹਿਮ ਐਲਾਨ, ਅਗਲੇ ਮਹੀਨੇ ਤੱਕ ਖੋਲ੍ਹੀਆਂ ਜਾਣਗੀਆਂ ਮਾਈਨਿੰਗ ਦੀਆਂ 50 ਸਾਈਟਾਂ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਇੱਥੇ ਇਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਮਾਈਨਿੰਗ ਦੀਆਂ 16 ਸਾਈਟਾਂ ਖੋਲ੍ਹੀਆਂ ਹਨ। ਇਨ੍ਹਾਂ ‘ਚ ਆਮ ਲੋਕਾਂ ਨੂੰ ਸਾਢੇ 5 ਰੁਪਏ ਦੇ ਹਿਸਾਬ ਨਾਲ ਰੇਤ ਮੁਹੱਈਆ ਹੋਵੇਗੀ, ਕਮਰਸ਼ੀਅਲ ਵਰਤੋਂ ਲਈ ਨਹੀਂ। ਉਨ੍ਹਾਂ ਕਿਹਾ ਕਿ ਮਾਈਨਿੰਗ ਨੂੰ ਲੈ ਕੇ ਚੋਣਾਂ ਦੌਰਾਨ ਮੁੱਦਾ ਵੀ ਬਣਦਾ ਹੈ ਅਤੇ ਭ੍ਰਿਸ਼ਟਾਚਾਰ ਵੀ ਵੱਡੇ ਪੱਧਰ ‘ਤੇ ਹੋਇਆ ਅਤੇ ਇਸ ਦੀ ਗੱਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਨੀ ਹੈ।

ਪੰਜਾਬ ਸਰਕਾਰ ਦੀ ਮਾਈਨਿੰਗ ਨੀਤੀ ‘ਚ ਬਹੁਤ ਬਿਹਤਰੀਨ ਗੱਲਾਂ ਹਨ-ਗੁੰਡਾਪਰਚੀ ਸਿਸਟਮ ਖ਼ਤਮ ਹੋਵੇਗਾ, ਟਰਾਂਸਪੋਰਟ ਮਾਫ਼ੀਆ ‘ਤੇ ਲਗਾਮ ਲੱਗੇਗੀ, ਸਿੱਧੇ ਤੌਰ ‘ਤੇ ਸਿਆਸੀ ਮਾਫ਼ੀਆ ਦਾ ਸਫ਼ਾਇਆ ਹੋ ਜਾਵੇਗਾ, ਪੰਜਾਬ ਸਰਕਾਰ ਨੂੰ ਬਹੁਤ ਹੀ ਪਾਰਦਰਸ਼ਤਾ ਨਾਲ ਖਜ਼ਾਨੇ ‘ਚ ਮਾਲੀਆ ਜਮ੍ਹਾਂ ਹੋਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਕੋਸ਼ਿਸ਼ ਹੈ ਕਿ ਅਗਲੇ ਮਹੀਨੇ ਤੱਕ ਅਜਿਹੀਆਂ 50 ਸਾਈਟਾਂ ਖੋਲ੍ਹੀਆਂ ਜਾਣਗੀਆਂ, ਜਿੱਥੇ ਆਮ ਆਦਮੀ ਆਪਣੀਆਂ ਟਰਾਲੀਆਂ ਲੈ ਕੇ ਜਾਵੇਗਾ ਅਤੇ ਰੇਤ ਲੈ ਕੇ ਆਵੇਗਾ।

ਉੱਥੇ ਸਰਕਾਰੀ ਟੀਮ ਆਨਲਾਈਨ ਪਰਚੀ ਕੱਟੇਗੀ ਅਤੇ ਇਸ ਦਾ ਰਿਕਾਰਡ ਵੀ ਕਾਇਮ ਰਹੇਗਾ। ਇਸ ਨਾਲ ਮਜ਼ਦੂਰਾਂ ਨੂੰ ਵੀ ਕੰਮ ਮਿਲੇਗਾ ਅਤੇ ਨਾਲ-ਨਾਲ ਲੋਕਾਂ ਨੂੰ ਸਸਤੀ ਅਤੇ ਕਫ਼ਾਇਤੀ ਰੇਟ ‘ਚ ਰੇਤ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਜਦੋਂ ਆਮ ਬੰਦੇ ਨੂੰ ਸਰਕਾਰੀ ਖੱਡ ‘ਚ ਰੇਤ ਸਸਤੀ ਮਿਲ ਰਹੀ ਹੈ ਤਾਂ ਉਹ ਸੁਭਾਵਿਕ ਤੌਰ ‘ਤੇ ਪ੍ਰਾਈਵੇਟ ਰੇਤ ਨਾਲ ਜੁੜੇ ਵਪਾਰੀ ਹਨ, ਉਨ੍ਹਾਂ ਨੂੰ ਆਪਣੇ ਰੇਟ ਹੇਠਾਂ ਲੈ ਕੇ ਆਉਣੇ ਪੈਣਗੇ। ਉਨ੍ਹਾਂ ਕਿਹਾ ਕਿ ਇਹ ਆਮ ਬੰਦੇ ਲਈ ਇਕ ਵੱਡੀ ਸਹੂਲਤ ਹੈ। ਮਾਨ ਸਰਕਾਰ ਦੀ ਇਹੀ ਕੋਸ਼ਿਸ਼ ਹੈ ਕਿ ਹਰ ਵਿਭਾਗ ਨੂੰ ਸਰਲ, ਪਾਰਦਰਸ਼ੀ ਬਣਾਇਆ ਜਾਵੇਗਾ ਅਤੇ ਇਕ-ਇਕ ਪੈਸਾ ਪੰਜਾਬ ਦੇ ਖਜ਼ਾਨੇ ‘ਚ ਜਮ੍ਹਾਂ ਹੋਵੇ।

Leave a Reply