ਹਾਦਸੇ ’ਚ ਜਾਨ ਗੁਆਉਣ ਵਾਲੇ ਰਣਜੀਤ ਬਾਵਾ ਦੇ ਪੀ. ਏ. ਡਿਪਟੀ ਵੋਹਰਾ ਦੇ ਪਰਿਵਾਰ ਦਾ ਵੱਡਾ ਖ਼ੁਲਾਸਾ

ਗੁਰਦਾਸਪੁਰ: ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ. ਏ. ਡਿਪਟੀ ਵੋਹਰਾ ਦੀ ਮੌਤ ਤੋਂ ਇਕ ਮਹੀਨੇ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਬਟਾਲਾ ਵਿਖੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਵੱਡੇ ਖ਼ੁਲਾਸੇ ਕੀਤੇ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਡਿਪਟੀ ਵੋਹਰਾ ਦੇ ਮਾਤਾ ਚੰਦ ਕੌਰ ਨੇ ਕਿਹਾ ਜਦੋਂ ਮੈਨੂੰ ਪੁੱਤ ਦੀ ਮੌਤ ਦਾ ਪਤਾ ਲੱਗਾ ਤਾਂ ਮੈਂ ਹਸਪਤਾਲ ‘ਚ ਉਸ ਦੀ ਲਾਸ਼ ਨੂੰ ਦੇਖਿਆ ਤੇ ਉਸ ਵੇਲੇ ਉਸ ਦੇ ਸਿਰ ‘ਤੇ ਸੱਟ ਲੱਗੀ ਨਜ਼ਰ ਆਈ। ਉਨ੍ਹਾਂ ਦੱਸਿਆ ਕਿ ਜਿਸ ਦਿਨ ਡਿਪਟੀ ਵੋਹਰਾ ਦਾ ਐਕਸੀਡੈਂਟ ਹੋਇਆ , ਉਹ ਆਪਣੇ ਕੋਲ ਲਾਇਸੈਂਸੀ ਪਿਸਟਲ ਲੈ ਗਿਆ ਸੀ ਪਰ ਉਸਦਾ ਪਿਸਤੌਲ ਕਾਰ ਵਿੱਚੋਂ ਨਹੀਂ ਮਿਲਿਆ।

ਡਿਪਟੀ ਵੋਹਰਾ ਦੇ ਭਰਾ ਰਾਜਨ ਵੋਹਰਾ ਨੇ ਗੱਲ ਕਰਦਿਆਂ ਕਿਹਾ ਕਿ ਇਕ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਪੁਲਸ ਵੱਲੋਂ ਜਾਂਚ ਪੂਰੀ ਨਹੀਂ ਕੀਤੀ ਗਈ ਅਤੇ ਨਾ ਹੀ ਇਹ ਸਾਹਮਣੇ ਆਇਆ ਕਿ ਡਿਪਟੀ ਵੋਹਰਾ ਦੀ ਪਿਸਟਲ ਕਿੱਥੇ ਹੈ? ਉਨ੍ਹਾਂ ਪ੍ਰਸ਼ਾਸਨ ਤੋਂ ਸਵਾਲ ਕੀਤਾ ਕਿ ਪਿਸਟਲ ਨਾ ਮਿਲਣ ਦਾ ਕੀ ਕਾਰਨ ਹੈ? ਉਨ੍ਹਾਂ ਆਖਿਆ ਕਿ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਅਤੇ ਸੱਚ ਨੂੰ ਸਾਹਮਣੇ ਲੈ ਕੇ ਆਵੇ।

ਪੱਤਰਕਾਰ ਵੱਲੋਂ ਪੁੱਛੇ ਕਤਲ ਦੇ ਸ਼ੱਕ ਦੇ ਸਵਾਲ ਦਾ ਜਵਾਬ ਦਿੰਦਿਆ ਵੋਹਰਾ ਦੇ ਭਰਾ ਨੇ ਕਿਹਾ ਕਿ ਜੇਕਰ ਉਸ ਦਾ ਹਥਿਆਰ , ਜੋ ਉਹ ਆਪਣੇ ਕੋਲ ਰੱਖਦਾ ਸੀ, ਹੀ ਗਾਇਬ ਹੈ ਉਸ ਤੋਂ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ? ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਨੇ ਬਟਾਲਾ ਦਾ ਨਾਮ ਇੰਨਾ ਉੱਚਾ ਚੁੱਕਿਆ ਅਤੇ ਜੋ ਇਕ ਚੰਗਾ ਸਮਾਜ ਸੇਵਕ ਸੀ, ਦੇ ਪਰਿਵਾਰ ਦੀ ਮਦਦ ਕੀਤਾ ਜਾਵੇ ਅਤੇ ਉਨ੍ਹਾਂ ਦੀ ਪੁੱਛ-ਪੜਤਾਲ ਕੀਤਾ ਜਾਵੇ। ਇਸ ਤੋਂ ਇਲਾਵਾ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ।

Leave a Reply