ਜਲਦੀ ਹੀ ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰੀ: ਸਿਹਤ ਮੰਤਰੀ

ਪਟਿਆਲਾ: ਪੰਜਾਬ ਦੇ ਸਿਹਤ ਅਤੇ ਖੋਜ ਤੇ ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਚ ਸੜਕ ਹਾਦਸਿਆਂ ਵਿਚ ਹਰ ਸਾਲ 5500 ਮੌਤਾਂ ਹੁੰਦੀਆਂ ਹਨ। ਅਜਿਹੇ ਮਾਮਲਿਆਂ ਵਿਚ ਮੌਤਾਂ ਦੀ ਗਿਣਤੀ ਘਟਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਜਲਦੀ ਹੀ ’ਫਰਿਸ਼ਤੇ’ ਸਕੀਮ ਸ਼ੁਰੂ ਕੀਤੀ ਜਾਵੇਗੀ। ਅੱਜ ਇਥੇ ਸਰਕਾਰੀ ਮੈਡੀਕਲ ਕਾਲਜ ਵਿਚ ਉਚ ਪੱਧਰੀ ਮੀਟਿੰਗ ਵਿਚ ’ਗੈਪ ਐਨਾਲਾਇਸਿਸ’ ਯਾਨੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਫਰਿਸ਼ਤੇ ਸਕੀਮ ਤਹਿਤ ਹਾਦਸੇ ਦਾ ਸ਼ਿਕਾਰ ਵਿਅਕਤੀ ਨੂੰ ਕੋਈ ਵੀ ਫਰਿਸ਼ਤਾ ਨੇੜਲੇ ਸਿਹਤ ਸੰਭਾਲ ਕੇਂਦਰ ਲਿਜਾ ਸਕਦਾ ਹੈ, ਜਿਥੇ ਉਸਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਨਜ਼ਦੀਕੀ ਵੱਡੇ ਹਸਪਤਾਲ ਵਿਚ ਸ਼ਿਫਟ ਕਰਕੇ ਉਸਦੀ ਜਾਨ ਬਚਾਉਣ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਮੌਤਾਂ ਦੀ ਗਿਣਤੀ ਅੱਧ ਤੋਂ ਵੀ ਘੱਟ ਕਰਨਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮਕਸਦ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮਿਆਰੀ ਐਮਰਜੰਸੀ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਤਹਿਤ ਮਰੀਜ਼ਾਂ ਦੇ ਵਾਰਸਾਂ ਨੂੰ ਬਾਹਰ ਦਵਾਈਆਂ ਲੈਣ ਜਾਣ ਦੀ ਲੋੜ ਨਹੀਂ ਪਵੇਗੀ ਤੇ ਦਵਾਈਆਂ ਸਮੇਤ ਲੋੜੀਂਦੀ ਹਰ ਸਹੂਲਤ ਐਮਰਜੈਂਸੀ ਵਿਚ ਹੀ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਸਮੀਖਿਆ ਕੀਤੀ ਕਿ ਸਟਾਫ ਸਮੇਤ ਕਿਸ ਕਿਸ ਚੀਜ਼ ਦੀ ਜ਼ਰੂਰਤ ਹੈ ਅਤੇ ਉਹ ਪ੍ਰਦਾਨ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਪੱਧਰ ਦੇ ਨਾਲ-ਨਾਲ ਕੁਝ ਨਿਵੇਸ਼ਕ, ਪਟਿਆਲਾ ਹੈਲਪ ਫਾਊਂਡੇਸ਼ਨ, ਖਾਲਸਾ ਏਡ ਤੇ ਡਾ. ਸੁਧੀਰ ਵਰਮਾ ਵਰਗੀਆਂ ਅਹਿਮ ਸ਼ਖਸੀਅਤਾਂ ਹਸਪਤਾਲ ਵਿਚ ਐਮਰਜੈਂਸੀ ਸੇਵਾਵਾਂ ਵਿਚ ਸੁਧਾਰ ਲਈ ਲੋੜੀਂਦਾ ਸਹਿਯੋਗ ਦੇਣ ਲਈ ਤਿਆਰ ਹਨ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਵਾਈਸ ਪ੍ਰਿੰਸੀਪਲ ਡਾ. ਆਰ. ਐੱਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਐੱਚ. ਐੱਸ. ਐੱਸ ਰੇਖੀ, ਡਿਪਟੀ ਮੈਡੀਕਲ ਸੁਪਰਡੈਂਟ ਵਿਨੋਦ ਡੰਗਵਾਲ ਤੇ ਹੋਰ ਵਿਭਾਗ ਮੁਖੀ ਹਾਜ਼ਰ ਸਨ।

ਮੰਤਰੀ ਕੋਲ ਰੈਗੂਲਰ ਹੋਣ ਦੀ ਵੱਖ-ਵੱਖ ਠੇਕਾ ਮੁਲਾਜ਼ਮਾਂ ਨੇ ਲਗਾਈ ਫਰਿਆਦ

ਇਸ ਦੌਰਾਨ ਪਟਿਆਲਾ ਅਤੇ ਅੰਮ੍ਰਿਤਸਰ ਮੈਡੀਕਲ ਕਾਲਜਾਂ ਵਿਚ ਠੇਕੇ ’ਤੇ ਕੰਮ ਕਰਦੇ ਐਨਸਿਲਰੀ ਅਤੇ ਪੈਰਾ ਮੈਡੀਕਲ ਸਟਾਫ, ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ, ਟੀ ਬੀ ਹਸਪਤਾਲ ਤੇ ਡੈਂਟਲ ਕਾਲਜ ਵਿਚ ਠੇਕੇ ’ਤੇ ਕੰਮ ਕਰਦੇ ਸਟਾਫ ਨੇ ਮੰਤਰੀ ਨੂੰ ਮਿਲ ਕੇ ਆਪੋ-ਆਪਣੇ ਮੰਗ ਪੱਤਰ ਸੌਂਪੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਅਪੀਲ ਕੀਤੀ।

Leave a Reply