ਲੁਧਿਆਣਾ ਕੋਰਟ ਕੰਪਲੈਕਸ ਬਾਹਰ ਲਾਇਸੈਂਸੀ ਪਿਸਤੌਲ ਨਾਲ ਚੱਲੀਆਂ ਸੀ ਗੋਲੀਆਂ, 5 ਲੋਕ ਗ੍ਰਿਫ਼ਤਾਰ
ਲੁਧਿਆਣਾ: ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਮੰਗਲਵਾਰ ਨੂੰ ਹੋਈ ਫਾਇਰਿੰਗ ਦੇ ਮਾਮਲੇ ‘ਚ ਪੁਲਸ ਨੇ ਇੰਦਰਪਾਲ ਸਿੰਘ ਜੰਡੂ ਸਮੇਤ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਪਹਿਲੀ ਦਿਰ ਦੇ ਮਨਜਿੰਦਰ ਭੱਲਾ ਉਰਫ਼ ਮਨੀ ਅਤੇ ਗੁਰਚਰਨ ਸਿੰਘ ਉਰਫ ਟਿੰਕੂ ਵੱਜੋਂ ਹੋਈ ਹੈ, ਜਦੋਂ ਕਿ ਦੂਜੀ ਧਿਰ ਦੇ ਇੰਦਰਪਾਲ ਸਿੰਘ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਦੂਜੀ ਧਿਰ ਦੇ ਮਸਤਾਨ ਉਰਫ਼ ਟੈਂਬੋ, ਸੁਖਦੀਪ ਅਤੇ ਲਵਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੋਹਾਂ ਧਿਰਾਂ ਵਿਚਕਾਰ 2020 ‘ਚ ਮਾਡਲ ਟਾਊਨ ‘ਚ ਇਕ ਦਰਜ ਮਾਮਲੇ ਨੂੰ ਲੈ ਕੇ ਪੇਸ਼ੀ ਸੀ। ਦੋਹਾਂ ਧਿਰਾਂ ਦੇ ਲੋਕ ਅਦਾਲਤ ‘ਚ ਮੌਜੂਦ ਸਨ। ਇਸ ਦੌਰਾਨ ਦੋਹਾਂ ਧਿਰਾਂ ਦੀ ਆਪਸ ‘ਚ ਤਕਰਾਰ ਹੋ ਗਈ ਅਤੇ ਲਾਇਸੈਂਸੀ ਪਿਸਤੌਲ ਨਾਲ ਫਾਇਰਿੰਗ ਹੋਈ। ਉਨ੍ਹਾਂ ਕਿਹਾ ਕਿ ਇਹ ਕੋਈ ਗੈਂਗਵਾਰ ਨਹੀਂ ਹੈ ਅਤੇ ਲਾਇਸੈਂਸ ਪਿਸਤੌਲ ਨਾਲ ਫਾਇਰਿੰਗ ਕਰਨ ਵਾਲੇ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ।