ਰਾਹੁਲ ਦੀਆਂ ਟਿੱਪਣੀਆਂ ਹਟਾ ਕੇ ਲੋਕ ਸਭਾ ‘ਚ ਲੋਕਤੰਤਰ ਕੀਤਾ ਗਿਆ ਖ਼ਤਮ : ਜੈਰਾਮ ਰਮੇਸ਼

ਨਵੀਂ ਦਿੱਲੀ: ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਲੋਕ ਸਭਾ ‘ਚ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਕਾਰਵਾਈ ਤੋਂ ਹਟਾ ਕੇ ਸਦਨ ‘ਚ ਲੋਕਤੰਤਰ ਨੂੰ ਖ਼ਤਮ ਕੀਤਾ ਗਿਆ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ,”ਪ੍ਰਧਾਨ ਮੰਤਰੀ ਨਾਲ ਜੁੜੇ ਅਡਾਨੀ ਮਹਾਘਪਲੇ ‘ਤੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਨੂੰ ਕਾਰਵਾਈ ਤੋਂ ਹਟਾਏ ਜਾਣ ਦੇ ਨਾਲ ਲੋਕ ਸਭਾ ‘ਚ ਲੋਕਤੰਤਰ ਦਾ ਦਾਹ ਸੰਸਕਾਰ ਕਰ ਦਿੱਤਾ ਗਿਆ। ਓਮ ਸ਼ਾਂਤੀ।”

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਲੋਕ ਸਭਾ ‘ਚ ਦੋਸ਼ ਲਗਾਇਆ ਸੀ ਕਿ 2014 ‘ਚ ਕੇਂਦਰ ਦੀ ਸੱਤਾ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਉਣ ਤੋਂ ਬਾਅਦ ਅਜਿਹਾ ‘ਅਸਲੀ ਜਾਦੂ’ ਹੋਇਆ ਕਿ 8 ਸਾਲਾਂ ਅੰਦਰ ਉਦਯੋਗਪਤੀ ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਉਨ੍ਹਾਂ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਲਿਆਏ ਗਏ ਧੰਨਵਾਦ ਪ੍ਰਸਤਾਵ ‘ਤੇ ਚਰਚਾ ‘ਚ ਹਿੱਸਾ ਲੈਂਦੇ ਹੋਏ ਇਹ ਦਾਅਵਾ ਵੀ ਕੀਤਾ ਸੀ ਕਿ ਮੌਜੂਦਾ ਸਰਕਾਰ ਦੌਰਾਨ ਨਿਯਮ ਬਦਲ ਕੇ ਹਵਾਈ ਅੱਡਿਆਂ ਦੇ ਠੇਕੇ ਅਡਾਨੀ ਸਮੂਹ ਨੂੰ ਦਿੱਤੇ ਗਏ। ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਆਸਨ ਦੇ ਨਿਰਦੇਸ਼ ‘ਤੇ ਕਾਰਵਾਈ ਤੋਂ ਹਟਾਇਆ ਗਿਆ ਹੈ।

Leave a Reply