ਮਿਡ-ਡੇ-ਮੀਲ ਨੂੰ ਲੈ ਕੇ ਸਕੂਲ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਹਿਦਾਇਤਾਂ ਜਾਰੀ

ਚੰਡੀਗੜ੍ਹ: ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮਿਡ-ਡੇ-ਮੀਲ ਵਿੱਚ ਹੋਰ ਵਧੇਰੇ ਪੌਸ਼ਟਿਕ ਤੱਤਾਂ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੰਦਿਆਂ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਡੀ. ਪੀ. ਰੈੱਡੀ ਨੇ ਕਿਹਾ ਕਿ ਖਾਣਾ ਪਕਾਉਣ ਲਈ ਤਾਇਨਾਤ ਕੁੱਕ (ਰਸੋਈਏ) ਵੱਲੋਂ ਲੋੜੀਂਦੀ ਸਾਫ਼-ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ। ਇੱਥੇ ਸਕੂਲ ਸਿੱਖਿਆ ਵਿਭਾਗ ਨਾਲ ਸੂਬੇ ਵਿੱਚ ਮਿਡ-ਡੇ-ਮੀਲ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਰੈੱਡੀ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਬੱਚਿਆਂ ਦੀ ਸਿਹਤ ਜਾਂਚ ਕਰਨਾ ਵੀ ਸਮੇਂ ਦੀ ਲੋੜ ਹੈ। ਇਸ ਤੋਂ ਇਲਾਵਾ ਬੱਚਿਆਂ ਦਾ ਹੈਲਥ ਪ੍ਰੋਫਾਈਲ (ਸਿਹਤ ਸਬੰਧੀ ਵੇਰਵੇ) ਬਣਾਉਣ ਸਬੰਧੀ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਬੱਚਿਆਂ ਦੀ ਤੰਦਰੁਸਤੀ ਬਾਰੇ ਸਹੀ ਮੁਲਾਂਕਣ ਕੀਤਾ ਜਾ ਸਕੇ।

ਚੇਅਰਮੈਨ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ. ਐੱਸ. ਆਰ.) ਤਹਿਤ ਫੰਡਾਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਤਾਂ ਜੋ ਆਉਣ ਵਾਲੇ 6 ਮਹੀਨਿਆਂ ਵਿੱਚ ਸੂਬੇ ਭਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ. ਲਗਾਏ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਤੋਂ ਇਲਾਵਾ ਸ੍ਰੀ ਰੈਡੀ ਨੇ ਇਹ ਵੀ ਕਿਹਾ ਕਿ ਕਮਿਸ਼ਨ ਵੱਲੋਂ ਮਿਡ-ਡੇ-ਮੀਲ ਸਬੰਧੀ ਬਣਾਈ ਗਈ ਲਘੂ ਫ਼ਿਲਮ ਵਿਭਾਗ ਦੇ ਐਜੂਸੈਟ ਪਲੇਟਫਾਰਮ ’ਤੇ ਅਪਲੋਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁੱਕ ਅਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਧੂੰਏਂ ਤੋਂ ਛੁਟਕਾਰਾ ਪਾਉਣ ਲਈ ਪ੍ਰਾਪਤ ਸਰੋਤਾਂ ਮੁਤਾਬਕ, ਐਗਜ਼ਾਸਟ ਫੈਨ ਪ੍ਰਦਾਨ ਕੀਤੇ ਜਾਣ । ਸ੍ਰੀ ਰੈੱਡੀ ਨੇ ਇਸ ਸਬੰਧ ਵਿਚ ਦੂਜੇ ਸੂਬਿਆਂ ਦੁਆਰਾ ਅਪਣਾਏ ਗਏ ਵਧੀਆ ਅਭਿਆਸਾਂ ਤੋਂ ਸਿੱਖਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।

Leave a Reply