ਜਲੰਧਰ: ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਜਲੰਧਰ : ਜਲੰਧਰ ਦੀ ਮਸ਼ਹੂਰ ਬਰਲਟਨ ਪਾਰਕ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਬਰਲਟਨ ਪਾਰਕ ਵਿਚ ਮਕਸੂਦਾਂ ਸਬਜ਼ੀ ਮੰਡੀ ਵਿਚ ਕੰਮ ਕਰਨ ਵਾਲੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਸੱਤਾ ਘੁਮਾਣ ਵਜੋਂ ਹੋਈ ਹੈ, ਜੋਕਿ ਵੇਰਕਾ ਮਿਲਕ ਪਲਾਂਟ ਦਾ ਰਹਿਣ ਵਾਲਾ ਸੀ। ਸੱਤਾ ਸਬਜ਼ੀ ਮੰਡੀ ਵਿਚ ਠੇਕੇਦਾਰੀ ਦਾ ਕੰਮ ਕਰਦਾ ਸੀ। ਸੱਤਾ ਦੀ ਲਾਸ਼ ਖ਼ੂਨ ਨਾਲ ਲਥਪਥ ਬਰਲਟਨ ਪਾਰਕ ਵਿਚੋਂ ਮਿਲੀ ਹੈ।

ਦੱਸਿਆ ਜਾ ਰਿਹਾ ਹੈ ਕਿ ਮੰਡੀ ਵਿਚ ਚੌਂਕੀਦਾਰ ਨੂੰ ਲੈ ਕੇ ਕੋਈ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਸੱਤਾ ਨੂੰ ਬਰਲਟਨ ਪਾਰਕ ਵਿਚ ਬੁਲਾ ਕੇ ਕੁਝ ਵਿਅਕਤੀਆਂ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ। ਝਗੜੇ ਦੌਰਾਨ ਸਕਿਓਰਿਟੀ ਗਾਰਡ ਨੇ ਫੋਨ ਕਰਕੇ ਸੱਤਾ ਨੂੰ ਦੱਸਿਆ ਕਿ ਉਸ ਨੂੰ ਕੁਝ ਨੌਜਵਾਨ ਕਿਡਨੈਪ ਕਰਕੇ ਬਰਲਟਨ ਪਾਰਕ ਲੈ ਆਏ ਹਨ। ਉਹ ਤੁਰੰਤ ਮੌਕੇ ‘ਤੇ ਪਹੁੰਚਿਆ ਸੀ। ਮੌਕੇ ‘ਤੇ ਝਗੜੇ ਦੌਰਾਨ ਬਰਲਟਨ ਪਾਰਕ ਵਿਚ ਨੌਜਵਾਨਾਂ ਨੇ ਸੱਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਮੌਤ ਦੇ ਘਾਟ ਉਤਾਰੇ ਗਏ ਨੌਜਵਾਨ ਸੱਤਾ ਦਾ ਪਿਤਾ ਆਰਮੀ ਤੋਂ ਕੈਪਟਨ ਰਿਟਾਇਰਡ ਹਨ। ਘਟਨਾ ਦੀ ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਇਥੇ ਇਹ ਵੀ ਦੱਸਣਯੋਗ ਹੈ ਕਿ ਦੋ ਦਿਨਾਂ ਦੇ ਅੰਦਰ ਜਲੰਧਰ ਸ਼ਹਿਰ ਵਿਚ ਇਹ ਦੂਜਾ ਕਤਲ ਹੈ। ਬੀਤੇ ਦਿਨ ਵੀ ਦੋਮੋਰੀਆ ਪੁਲ ਦੇ ਕੋਲ ਲੁਟੇਰਿਆਂ ਨੇ ਲੁੱਟਖੋਹ ਦੀ ਨੀਅਤ ਨਾਲ ਪ੍ਰਵਾਸੀ ਵਿਅਕਤੀ ਦਾ ਕਤਲ ਕਰ ਦਿੱਤਾ ਸੀ।

Leave a Reply

error: Content is protected !!