ਪ੍ਰੀਪੇਡ ਬਿਜਲੀ ਮੀਟਰ ਯੋਜਨਾ ਨੇ ਵਧਾਈ ਲੋਕਾਂ ਦੀ ਚਿੰਤਾ; ਜਾਣੋ ਕਿਵੇਂ ਕਰਦੈ ਕੰਮ ਤੇ ਕੀ ਹਨ ਮੀਟਰ ਦੇ ਲਾਭ

ਬੁਢਲਾਡਾ: ਦੇਸ਼ ਅੰਦਰ ਘਰਾਂ ’ਚ ਸਮਾਰਟ ਪ੍ਰੀਪੇਡ ਮੀਟਰ ਲਗਾਉਣ ਦੀ ਯੋਜਨਾ ਨੇ ਹਰ ਬਿਜਲੀ ਖਪਤਕਾਰ ਦੇ ਮਨ ਵਿਚ ਸਵਾਲ ਪੈਦਾ ਕਰ ਦਿੱਤੇ ਹਨ ਕਿ ਸਮਾਰਟ ਪ੍ਰੀਪੇਡ ਮੀਟਰ ਕੀ ਬਲਾ ਹੈ? ਹਾਲ ਹੀ ਵਿਚ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿਚ ਇਹ ਐਲਾਨ ਕੀਤਾ ਸੀ ਕਿ ਦੇਸ਼ ਅੰਦਰ ਅਗਲੇ ਤਿੰਨ ਸਾਲਾਂ ਦੌਰਾਨ ਸਾਰੇ ਘਰਾਂ ’ਚ ਸਮਾਰਟ ਪ੍ਰੀਪੇਡ ਮੀਟਰ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸਰਕਾਰੀ ਦਫ਼ਤਰਾਂ ਤੋਂ ਸਮਾਰਟ ਮੀਟਰ ਲਗਾਉਣ ਦੀ ਸ਼ੁਰੂਆਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਜਿਸਦਾ ਕਿਸਾਨ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਫ਼ਿਲਹਾਲ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੋਧ ਦੇ ਕਾਰਨ ਇਸ ਯੋਜਨਾ ਨੂੰ ਸੂਬੇ ਭਰ ’ਚ ਪ੍ਰਭਾਵੀ ਤੌਰ ’ਤੇ ਲਾਗੂ ਕਰਨਾ ਅਸਾਨ ਨਹੀਂ ਲੱਗ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਕਿਸਾਨ ਯੂਨੀਅਨ ਦੇ ਨੇਤਾਵਾਂ ਵੱਲੋਂ ਤਿੱਖੇ ਵਿਰੋਧ ਦੀਆਂ ਸੁਰਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਹਨ।

ਪ੍ਰੀਪੇਡ ਮੀਟਰ ਕਿਸ ਤਰੀਕੇ ਨਾਲ ਕਰਦਾ ਹੈ ਕੰਮ

ਪ੍ਰੀਪੇਡ ਸਮਾਰਟ ਮੀਟਰ ’ਚ ਇਕ ਅਜਿਹਾ ਡਿਵਾਈਸ ਲੱਗਿਆ ਰਹਿੰਦਾ ਹੈ ਜੋ ਕਿ ਸਾਡੇ ਨੇੜਲੇ ਮੋਬਾਇਲ ਟਾਵਰ ਰਾਹੀਂ ਸਿਗਨਲ ਬਿਜਲੀ ਕੰਪਨੀਆਂ ’ਚ ਲੱਗਣ ਵਾਲੇ ਰਿਸੀਵਰ ਤਕ ਪਹੁੰਚਾਉਂਦਾ ਹੈ। ਇਸ ਨਾਲ ਬਿਜਲੀ ਕੰਪਨੀਆਂ ਦੇ ਦਫ਼ਤਰਾਂ ’ਚ ਮੀਟਰ ਦੀ ਰੀਡਿੰਗ ਦੀ ਨਿਗਰਾਨੀ ਸੰਭਵ ਹੋ ਜਾਂਦੀ ਹੈ। ਇਸ ਤੋਂ ਇਲਾਵਾ ਗਾਹਕ ਕੋਲ ਪ੍ਰੀਪੇਡ ਸਮਾਰਟ ਮੀਟਰ ਦੇ ਐਪ ਤੋਂ ਕੁਨੈਕਟ ਹੋਣ ਦੀ ਸਹੂਲਤ ਵੀ ਰਹੇਗੀ। ਗਾਹਕ ਨੂੰ ਇਕ ਐਪ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰਨਾ ਹੋਵੇਗਾ। ਇਸ ਐਪ ਰਾਹੀਂ ਮੋਬਾਇਲ ਤੋਂ ਹੀ ਮੀਟਰ ਦੀ ਨਿਗਰਾਨੀ ਸੰਭਵ ਹੋ ਸਕੇਗੀ ਅਤੇ ਐਪ ’ਤੇ ਹੀ ਬਿਜਲੀ ਦੇ ਇਸਤੇਮਾਲ ਦੀ ਰੀਡਿੰਗ ਆ ਸਕਦੀ ਹੈ। ਜਿਸ ਨਾਲ ਗਾਹਕ ਨੂੰ ਇਹ ਪਤਾ ਚੱਲ ਸਕੇਗਾ ਕਿ ਮੀਟਰ ਤੇਜ਼ ਚੱਲ ਰਿਹਾ ਹੈ ਜਾਂ ਹੌਲੀ ਅਤੇ ਮੀਟਰ ਸਹੀ ਚੱਲ ਰਿਹਾ ਹੈ ਜਾਂ ਗ਼ਲਤ।

ਸਮਾਰਟ ਪ੍ਰੀਪੇਡ ਮੀਟਰ ਦੇ ਲਾਭ

ਗਾਹਕ ਨੂੰ ਬਿਜਲੀ ਲਈ ਆਪਣੀ ਮਨਪਸੰਦ ਕੰਪਨੀ ਚੁਣਨ ਦਾ ਹੱਕ ਹੋਵੇਗਾ ਅਤੇ ਜਿੰਨਾ ਰਿਚਾਰਜ ਉਹ ਕਰਵਾਏਗਾ ਉਨੀ ਹੀ ਬਿਜਲੀ ਦੀ ਖਪਤ ਕਰ ਸਕੇਗਾ। ਪਹਿਲਾਂ ਦੀ ਤਰ੍ਹਾਂ ਬਿਜਲੀ ਬਕਾਏਦਾਰ ਕਹਾਉਣ ਦੀ ਨੌਬਤ ਨਹੀਂ ਆਵੇਗੀ। ਇਸ ਤੋਂ ਇਲਾਵਾ ਰਿਚਾਰਜ ਦੇ ਆਧਾਰ ’ਤੇ ਚੌਵੀ ਘੰਟੇ ਬਿਜਲੀ ਸਪਲਾਈ ਦਾ ਆਨੰਦ ਮਾਣ ਸਕੇਗਾ। ਪ੍ਰੀਪੇਡ ਸਮਾਰਟ ਮੀਟਰ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾ ਸਕੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਵਿਭਾਗ ਦੇ ਕੋਲ ਇਕ ਅਲਰਟ ਮੈਸੇਜ ਆਵੇਗਾ। ਮੈਨੂੰਅਲ ਮੀਟਰ ਰੀਡਿੰਗ ਦੀ ਲੋੜ ਨਹੀਂ ਪਵੇਗੀ। ਯਾਨੀ ਕਿ ਬਿਜਲੀ ਮੁਲਾਜ਼ਮਾਂ ਨੂੰ ਰੀਡਿੰਗ ਲੈਣ ਲਈ ਘਰ ਆਉਣ ਦੀ ਲੋੜ ਨਹੀਂ ਰਹਿ ਜਾਵੇਗੀ। ਮੁਲਾਜ਼ਮ ਸਟੇਸ਼ਨ ਤੋਂ ਹੀ ਸਾਫਟਵੇਅਰ ਰਾਹੀਂ ਅਾਸਾਨੀ ਨਾਲ ਘਰ ਦੇ ਬਿਜਲੀ ਦੀ ਖਪਤ ਦੀ ਜਾਣਕਾਰੀ ਲੈ ਸਕਣਗੇ।

ਪ੍ਰੀਪੇਡ ਮੀਟਰ ਲਗਾਉਣ ਦਾ ਕਿਸਾਨ ਯੂਨੀਅਨ ਕਰੇਗੀ ਡਟਵਾਂ ਵਿਰੋਧ

ਭਾਰਤੀ ਕਿਸਾਨ ਯੂਨੀਅਨ ਦੇ ਸਤਪਾਲ ਸਿੰਘ ਬਰ੍ਹੇ ਅਤੇ ਡਕੌਂਦਾ ਦੇ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰੀਪੇਡ ਸਮਾਰਟ ਮੀਟਰ ਯੋਜਨਾ ਦਾ ਉਹ ਡਟਵਾਂ ਵਿਰੋਧ ਕਰਦੇ ਹਨ। ਪੰਜਾਬ ਸਰਕਾਰ ਸਰਕਾਰੀ ਦਫ਼ਤਰਾਂ ’ਚ ਇਸਦੀ ਸ਼ੁਰੂਆਤ ਕਰੇ ਜਿਸ ’ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇਕਰ ਰਿਹਾਇਸ਼ੀ ਘਰਾਂ ’ਚ ਪ੍ਰੀਪੇਡ ਮੀਟਰ ਲਗਾਏ ਗਏ ਤਾਂ ਭਾਰਤੀ ਕਿਸਾਨ ਯੂਨੀਅਨ ਸੂਬਾ ਪੱਧਰੀ ਸੰਘਰਸ਼ ਵਿੱਢੇਗੀ ਅਤੇ ਸਰਕਾਰ ਦੀ ਇਸ ਯੋਜਨਾ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।

Leave a Reply

error: Content is protected !!