ਸਮੱਗਲਰ ਨੇ 18 ਸਾਲਾ ਮੁੰਡੇ ਦੇ ਢਿੱਡ ’ਚ ਲਗਾ ਦਿੱਤਾ ਨਸ਼ੇ ਦਾ ਟੀਕਾ, ਤੜਫ-ਤੜਫ ਕੇ ਮੌਤ
ਫਿਲੌਰ: ਨਸ਼ੇ ਨੇ ਇਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ। ਜਿਸ ਵਿਚ 18 ਸਾਲਾ ਲੜਕੇ ਗੁੱਡੂ ਦੇ ਢਿੱਡ ਵਿਚ ਸਮੱਗਲਰ ਨੇ ਨਸ਼ੇ ਦਾ ਟੀਕਾ ਲਗਾ ਦਿੱਤਾ। ਓਵਰਡੋਜ਼ ਕਾਰਨ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁੱਡੂ 25 ਮਿੰਟ ਤੱਕ ਤੜਫਦਾ ਰਿਹਾ ਜਦਕਿ ਸਮੱਗਲਰ ਖੁਦ ਹੀ ਡਾਕਟਰ ਬਣ ਕੇ ਉਸ ਦਾ ਇਲਾਜ ਕਰਦਾ ਰਿਹਾ। ਮਿਲੀ ਸੂਚਨਾ ਮੁਤਾਬਕ ਬੀਤੀ ਰਾਤ 8 ਵਜੇ ਸ਼ਹਿਰ ਦੇ ਮੁਹੱਲਾ ਉੱਚੀ ਘਾਟੀ ਦਾ ਰਹਿਣ ਵਾਲਾ ਗੁੱਡੂ 18 ਪੁੱਤਰ ਸਵਰਗੀ ਮੱਡਾ ਆਪਣੇ ਹੀ ਮੁਹੱਲੇ ਦੇ ਰਹਿਣ ਵਾਲੇ ਨਸ਼ਾ ਸਮੱਗਲਰ ਚਿੰਟੂ ਪੁੱਤਰ ਰੂਪ ਲਾਲ ਦੇ ਘਰ ਚਲਾ ਗਿਆ। ਚਿੰਟੂ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਸਮੱਗਲਿੰਗ ਦਾ ਕਾਰੋਬਾਰ ਕਰਦਾ ਆ ਰਿਹਾ ਹੈ ਅਤੇ ਛੋਟੇ ਸਕੂਲੀ ਬੱਚਿਆਂ ਨੂੰ ਨਸ਼ੇ ਦੀ ਲਤ ਲਗਾ ਕੇ ਉਨ੍ਹਾਂ ਤੋਂ ਰੁਪਏ ਲੈ ਕੇ ਨਸ਼ੇ ਦੇ ਟੀਕੇ ਲਗਾਉਣ ਦਾ ਆਦੀ ਬਣਾ ਦਿੰਦਾ ਹੈ, ਨੇ ਗੁੱਡੂ ਦੇ ਢਿੱਡ ਵਿਚ ਨਸ਼ੇ ਦਾ ਟੀਕਾ ਲਗਾ ਦਿੱਤਾ।
ਅੱਧੀ ਰਾਤ ਤੱਕ ਸਕੂਲੀ ਬੱਚਿਆਂ ਤੋਂ ਇਲਾਵਾ ਨਸ਼ੇੜੀਆਂ ਦੇ ਚਿੰਟੂ ਦੇ ਘਰ ਲੱਗੇ ਰਹਿੰਦੇ ਸਨ ਡੇਰੇ
ਮੁਹੱਲੇ ਦੇ ਕੌਂਸਲਰ ਰਾਕੇਸ਼ ਕਾਲੀਆ, ਅੰਬੇਡਕਰ ਸ਼ਕਤੀ ਦਲ ਦੇ ਪ੍ਰਧਾਨ ਗੋਲਡੀ ਨਾਹਰ ਅਤੇ ਸਫਾਈ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਮਨੀ ਅਤੇ ਮੁਹੱਲਾ ਨਿਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਮੱਗਲਰ ਚਿੰਟੂ ਵਰਗੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਵੇਰ 8 ਵਜੇ ਹੀ ਚਿੰਟੂ ਦੇ ਘਰ ਸਕੂਲੀ ਬੱਚੇ ਜਿਨ੍ਹਾਂ ਦੇ ਗਲਾਂ ਵਿਚ ਕਿਤਾਬਾਂ ਦੇ ਬੈਗ ਪਾਏ ਹੁੰਦੇ ਸਨ, ਉਸ ਦੇ ਕਮਰੇ ਵਿਚ ਚਲੇ ਜਾਂਦੇ ਸਨ ਜਿੱਥੇ ਚਿੰਟੂ ਉਨ੍ਹਾਂ ਤੋਂ ਰੁਪਏ ਲੈ ਕੇ ਉਨ੍ਹਾਂ ਨੂੰ ਨਸ਼ੇ ਦੇ ਟੀਕੇ ਲਗਾ ਦਿੰਦਾ। ਇਹ ਸਿਲਸਿਲਾ ਦੇਰ ਅੱਧੀ ਰਾਤ ਤੱਕ ਚਲਦਾ ਰਹਿੰਦਾ ਸੀ। ਬੱਚਿਆਂ ਤੋਂ ਇਲਾਵਾ ਉਥੇ ਵੱਡੇ ਨਸ਼ੇੜੀ ਵੀ ਆਉਂਦੇ ਸਨ।
ਚਿੰਟੂ ਦਾ ਪਿਤਾ ਹਰਿਦੁਆਰ ਜੇਲ ਵਿਚ ਬੰਦ ਮਾਤਾ ਨੂੰ ਲੱਭ ਰਹੀ ਫਿਰੋਜ਼ਪੁਰ ਪੁਲਸ ਹੁਣ ਖੁਦ ਵੀ ਹੋ ਗਿਆ ਫਰਾਰ
ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਚਿੰਟੂ ਦਾ ਪੂਰਾ ਪਰਿਵਾਰ ਹੀ ਗਲਤ ਧੰਦੇ ਕਰ ਰਿਹਾ ਸੀ। ਉਸ ਦਾ ਪਿਤਾ ਹਰਿਦੁਆਰ ਤੋਂ ਨਸ਼ੇ ਦੇ ਟੀਕੇ ਕੈਪਸੂਲ ਗੋਲੀਆਂ ਖਰੀਦ ਕੇ ਚਿੰਟੂ ਨੂੰ ਦਿੰਦਾ ਅਤੇ ਉਹ ਅੱਗੇ ਬੱਚਿਆਂ ਨੂੰ ਉਨ੍ਹਾਂ ਦਾ ਆਦੀ ਬਣਾ ਕੇ ਉਨ੍ਹਾਂ ਨੂੰ ਵੇਚਦਾ। ਨਸ਼ਾ ਸਮੱਗਲਿੰਗ ਦੇ ਧੰਦੇ ਵਿਚ ਹਰਿਦੁਆਰਾ ਪੁਲਸ ਨੇ ਉਸ ਦੇ ਪਿਤਾ ਰੂਪ ਲਾਲ ਨੂੰ ਫੜ ਲਿਆ ਜੋ 8 ਮਹੀਨੇ ਤੋਂ ਉਹੀ ਜੇਲ ਵਿਚ ਬੰਦ ਹੈ। ਚਿੰਟੂ ਦੀ ਮਾਤਾ ਰਾਣੀ ਵੀ ਘੱਟ ਨਹੀਂ ਸੀ। ਉਸ ਨੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਵਿਚ ਇਕ ਲੜਕੀ ਨੂੰ ਵੇਚ ਦਿੱਤਾ। ਉਥੇ ਉਸ ਦੇ ਵਿਰੁੱਧ ਕੇਸ ਦਰਜ ਹੈ ਜੋ ਫਰਾਰ ਚੱਲ ਰਹੀ ਹੈ। ਚਿੰਟੂ ਖੁਦ ਰਾਤ ਤੋਂ ਫਰਾਰ ਹੈ। ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ।