ਲਿੱਟੇ ਨੇਤਾ ਪ੍ਰਭਾਕਰਨ ਦੇ ਜ਼ਿੰਦਾ ਹੋਣ ਦਾ ਦਾਅਵਾ
ਚੇਨਈ: ਤਾਮਿਲ ਰਾਸ਼ਟਰਵਾਦੀ ਨੇਤਾ ਅਤੇ ਵਿਸ਼ਵ ਤਮਿਲ ਸੰਘ ਦੇ ਪ੍ਰਧਾਨ ਪਾਜ਼ਾ ਨੇਦੁਮਾਰਨ ਨੇ ਅੱਜ ਦਾਅਵਾ ਕੀਤਾ ਕਿ ਲਿੱਟੇ ਨੇਤਾ ਵੇਲੂਪਿੱਲਈ ਪ੍ਰਭਾਕਰਨ ਜ਼ਿੰਦਾ ਹੈ ਅਤੇ ਆਪਣੀ ਪਤਨੀ ਅਤੇ ਬੇਟੀ ਨਾਲ ਰਹਿ ਰਿਹਾ ਹੈ। ਤੰਜਾਵੁਰ ‘ਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਨੇਦੁਮਾਰਨ ਨੇ ਕਿਹਾ ਕਿ ਪ੍ਰਭਾਕਰਨ ਦੇ ਟਿਕਾਣੇ ਦਾ ਢੁਕਵੇਂ ਸਮੇਂ ‘ਤੇ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀਲੰਕਾ ਸਰਕਾਰ ਨੇ ਪ੍ਰਭਾਕਰਨ ਨੂੰ ਭਾਰਤ ਵਿਰੋਧੀ ਵਜੋਂ ਪੇਸ਼ ਕੀਤਾ ਹੈ। ਨੇਦੁਮਾਰਨ ਨੇ ਅੱਗੇ ਕਿਹਾ ਕਿ ਕਿਉਂਕਿ ਮੌਜੂਦਾ ਵਿਸ਼ਵ ਸਥਿਤੀ ਆਸ਼ਾਵਾਦੀ ਹੈ ਅਤੇ ਰਾਜਪਕਸ਼ੇ ਦਾ ਸ਼ਾਸਨ ਖਤਮ ਹੋ ਗਿਆ ਹੈ, ਉਹ ਹੁਣ ਇਸ ਦਾ ਖੁਲਾਸਾ ਕਰ ਰਿਹਾ ਹੈ। ਤਾਮਿਲ ਰਾਸ਼ਟਰਵਾਦੀ ਨੇਤਾ ਨੇ ਇਹ ਵੀ ਕਿਹਾ ਕਿ ਪ੍ਰਭਾਕਰਨ ਦੇ ਜ਼ਿੰਦਾ ਹੋਣ ਦੀ ਸੂਚਨਾ ਤੋਂ ਸ੍ਰੀਲੰਕਾ ਦੇ ਤਾਮਿਲਾਂ ਵਿਚ ਬਹੁਤ ਭਰੋਸਾ ਪੈਦਾ ਹੋਵੇਗਾ ਅਤੇ ਉਨ੍ਹਾਂ ਨੇ ਪ੍ਰਭਾਕਰਨ ਦੀ ਇਜਾਜ਼ਤ ਨਾਲ ਇਹ ਐਲਾਨ ਕੀਤਾ ਹੈ। ਸ੍ਰੀਲੰਕਾ ਦੇ ਸਾਬਕਾ ਸੰਸਦ ਮੈਂਬਰ ਸ਼ਿਵਾਜੀ ਲਿੰਗਮ ਨੇ ਕਿਹਾ ਕਿ ਲੰਕਾ ਸਰਕਾਰ ਨੇ ਪ੍ਰਭਾਕਰਨ ਦੀ ਲਾਸ਼ ਦੀ ਪੁਸ਼ਟੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਮਈ 2009 ਵਿੱਚ ਲਿੱਟੇ ਅਤੇ ਲੰਕਾਈ ਫੌਜ ਦੇ ਵਿਚਕਾਰ ਆਖਰੀ ਲੜਾਈ ਤੋਂ ਬਾਅਦ ਐਲਾਨ ਕੀਤਾ ਗਿਆ ਸੀ ਕਿ ਪ੍ਰਭਾਕਰਨ ਮਾਰਿਆ ਗਿਆ ਸੀ ਅਤੇ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ।