ਰਾਤ ਨੂੰ ਜੇ ਸੜਕ ’ਤੇ ਡਿੱਗਿਆ ਮਿਲੇ ਲਾਈਟ ਮਾਰਦਾ ਮੋਬਾਇਲ ਤਾਂ ਖ਼ਬਰਦਾਰ, ਹੈਰਾਨ ਕਰੇਗੀ ਇਹ ਖ਼ਬਰ
ਮੁੱਲਾਂਪੁਰ ਦਾਖਾ : ਝਪਟਮਾਰ ਲੁਟੇਰੇ ਹਮੇਸ਼ਾ ਰਾਹਗੀਰਾਂ ਨੂੰ ਲੁੱਟਣ ਲਈ ਨਵੇਂ-ਨਵੇਂ ਢੰਗ ਤਰੀਕੇ ਅਪਨਾ ਕੇ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਹੁਣ ਇਨ੍ਹਾਂ ਨੇ ਹੋਰ ਨਵਾਂ ਢੰਗ ਲੱਭ ਲਿਆ ਹੈ ਕਿ ਰਾਤ ਨੂੰ ਲੁਟੇਰੇ ਆਪਣੇ ਮੋਬਾਇਲ ਦੀ ਲਾਈਟ ਜਗਾ ਕੇ ਸੁੰਨਸਾਨ ਜਗਾ ਦੇਖ ਕੇ ਸੜਕ ਦੇ ਕਿਨਾਰੇ ਰੱਖ ਦਿੰਦੇ ਹਨ ਅਤੇ ਆਪ ਹਨੇਰੇ ਦਾ ਫਾਇਦੇ ਚੁੱਕ ਕੇ ਲੁੱਕ ਕੇ ਬੈਠ ਜਾਂਦੇ ਹਨ। ਇਸ ਦੌਰਾਨ ਜਦੋਂ ਕੋਈ ਰਾਹਗੀਰ ਜੀ.ਟੀ. ਰੋਡ ’ਤੇ ਪਏ ਮੋਬਾਇਲ ਨੂੰ ਦੇਖਦਾ ਹੈ ਤਾਂ ਲਾਲਚ ਵੱਸ ਆ ਕੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇੰਨੇ ਨੂੰ ਲੁਟੇਰੇ ਉਸਨੂੰ ਘੇਰ ਕੇ ਉਸ ਕੋਲੋਂ ਨਗਦੀ ਮੋਬਾਇਲ ਅਤੇ ਗਹਿਣੇ ਵਗੈਰਾ ਖੋਹ ਕੇ ਫਰਾਰ ਹੋ ਜਾਂਦੇ ਹਨ।
ਇਸ ਲਈ ਰਾਤ ਨੂੰ ਸੜਕ ’ਤੇ ਪਿਆ ਮੋਬਾਇਲ ਭੁੱਲ ਵੀ ਨਾ ਚੁੱਕੋ ਕਿਉਂਕਿ ਇਹ ਤੁਹਾਡੇ ਲਈ ਮੁਸੀਬਤ ਦੀ ਘੜੀ ਬਣ ਸਕਦਾ ਹੈ ਅਤੇ ਤੁਹਾਡੇ ਵੱਲੋਂ ਲੁਟੇਰਿਆਂ ਨਾਲ ਦੋ-ਦੋ ਹੱਥ ਕਰਨ ‘ਤੇ ਤੁਹਾਡੀ ਜਾਨ ਵੀ ਜਾ ਸਕਦੀ ਹੈ। ਅਦਾਰਾ ਜਗ ਬਾਣੀ/ਪੰਜਾਬ ਕੇਸਰੀ ਹਮੇਸ਼ਾਂ ਇਨ੍ਹਾਂ ਲੁਟੇਰਿਆਂ ਦੀਆਂ ਨਵੀਂਆਂ-ਨਵੀਂਆਂ ਸਕੀਮਾਂ ਨੂੰ ਪਾਠਕਾਂ ਤੱਕ ਉਜਾਗਰ ਕਰਕੇ ਉਨ੍ਹਾਂ ਨੂੰ ਸਾਵਧਾਨ ਕਰਦਾ ਰਹਿੰਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਮੋਬਾਇਲ ਦੀ ਲਾਈਟ ਜਗਾ ਕੇ ਸੁੰਨਸਾਨ ਜਗਾ ’ਤੇ ਲੁੱਕਛਿੱਪ ਕੇ ਕਈ ਰਾਹਗੀਰਾਂ ਨੂੰ ਆਪਣਾ ਸ਼ਿਕਾਰ ਵੀ ਬਣਾ ਲਿਆ ਹੈ। ਇਸ ਲਈ ਖੁਦ ਚੌਕਸ ਰਹਿ ਕੇ ਹੋਰਨਾਂ ਨੂੰ ਸੁਚੇਤ ਕਰਨਾ ਤੁਹਾਡਾ ਵੀ ਫਰਜ਼ ਹੈ ਤਾਂ ਜੋ ਇਨ੍ਹਾਂ ਲੁਟੇਰਿਆਂ ਦੇ ਮਨਸੂਬਿਆਂ ’ਤੇ ਪਾਣੀ ਫਿਰ ਸਕੇ।