ਪੰਜਾਬ ‘ਚ ਖੁੱਲ੍ਹੇ ‘ਆਮ ਆਦਮੀ ਕਲੀਨਿਕਾਂ’ ਨੂੰ ਲੈ ਕੇ ਕੇਂਦਰ ਸਰਕਾਰ ਨਾਰਾਜ਼, ਆਖ਼ੀ ਇਹ ਗੱਲ

ਚੰਡੀਗੜ੍ਹ : ਪੰਜਾਬ ‘ਚ ਭਗਵੰਤ ਮਾਨ ਸਰਕਾਰ ਵੱਲੋਂ ਖੋਲ੍ਹੇ ਗਏ ‘ਆਮ ਆਦਮੀ ਕਲੀਨਿਕਾਂ’ ਨੂੰ ਲੈ ਕੇ ਕੇਂਦਰ ਸਰਕਾਰ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਕੇਂਦਰ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਨੇ ਸਿਹਤ ਕੇਂਦਰਾਂ ਨੂੰ ‘ਆਮ ਆਦਮੀ ਕਲੀਨਿਕਾਂ’ ‘ਚ ਤਬਦੀਲ ਕੀਤਾ ਹੈ, ਜਿਸ ਦੀ ਨਾਰਾਜ਼ਗੀ ਵਜੋਂ ਕੇਂਦਰ ਨੇ ਪੰਜਾਬ ਸਰਕਾਰ ਨੂੰ ‘ਨੈਸ਼ਨਲ ਸਿਹਤ ਮਿਸ਼ਨ’ ਤਹਿਤ ਫੰਡ ਰੋਕਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ।

ਇਸ ਸਬੰਧੀ ਵਧੀਕ ਸਕੱਤਰ (ਸਿਹਤ ਤੇ ਪਰਿਵਾਰ ਭਲਾਈ) ਰੋਲੀ ਸਿੰਘ ਨੇ ਪ੍ਰਮੁੱਖ ਸਕੱਤਰ (ਸਿਹਤ) ਵੀ. ਕੇ. ਮੀਨਾ ਦੇ ਨਾਂ ਇਕ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ‘ਚ ਕਿਹਾ ਗਿਆ ਹੈ ਕਿ ਵਿੱਤੀ ਵਰ੍ਹੇ ਦੌਰਾਨ ਕੇਂਦਰ ਸਰਕਾਰ ਵੱਲੋਂ ਕੌਮੀ ਸਿਹਤ ਮਿਸ਼ਨ ਤਹਿਤ ਆਪਣੇ ਹਿੱਸੇ ਦੇ 438 ਕਰੋੜ ਜਾਰੀ ਕਰ ਦਿੱਤੇ ਗਏ ਹਨ ਪਰ ਸੂਬਾ ਸਰਕਾਰ ਨੇ ਇਹ ਫੰਡ ਸਿਹਤ ਭਲਾਈ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ‘ਚ ਤਬਦੀਲ ਕਰਨ ਲਈ ਖ਼ਰਚ ਕੀਤੇ ਹਨ।

ਹੁਣ ਕੇਂਦਰ ਸੂਬਾ ਸਰਕਾਰ ਨੂੰ 546 ਕਰੋੜ ਦੀ ਅਗਲੀ ਕਿਸ਼ਤ ਮੁਹੱਈਆ ਕਰਵਾਉਣ ਤੋਂ ਅਸਮਰੱਥ ਹੈ। ਪੱਤਰ ‘ਚ ਲਿਖਿਆ ਗਿਆ ਹੈ ਕਿ ਅਜਿਹਾ ਕਰਕੇ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ, ਜਦੋਂ ਕਿ ਇਸ ਫੰਡ ਦੀ ਵਰਤੋਂ ਆਯੁਸ਼ਮਾਨ ਭਾਰਤ ਅਧੀਨ ਸਿਹਤ ਤੇ ਭਲਾਈ ਕੇਂਦਰਾਂ ਨੂੰ ਸਹੂਲਤਾਂ ਮੁਹੱਈਆ ਕਰਨ ਲਈ ਕੀਤੀ ਜਾਣੀ ਚਾਹੀਦੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ।

Leave a Reply

error: Content is protected !!