ਖੰਨਾ ‘ਚ ਲੱਖਾਂ ਦੇ ਕਰਜ਼ਾਈ ਕਿਸਾਨ ਨੇ ਰੇਲਗੱਡੀ ਅੱਗੇ ਮਾਰੀ ਛਾਲ, ਰੋਂਦੇ ਟੱਬਰ ਨੂੰ ਦੇਖ ਹਰ ਕਿਸੇ ਦੀ ਅੱਖ ਹੋਈ ਨਮ
ਖੰਨਾ : ਕਿਸਾਨ ਕਰਜ਼ੇ ਕਾਰਨ ਲਗਾਤਾਰ ਖ਼ੁਦਕੁਸ਼ੀਆਂ ਕਰ ਰਹੇ ਹਨ। ਤਾਜ਼ਾ ਮਾਮਲਾ ਖੰਨਾ ‘ਚ ਸਾਹਮਣੇ ਆਈ ਹੈ, ਜਿੱਥੇ ਕਰਜ਼ੇ ਤੋਂ ਪਰੇਸ਼ਾਨ ਪਿੰਡ ਗੰਢੂਆਂ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ 36 ਸਾਲਾਂ ਦੇ ਸੱਤਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਗੰਡੂਆਂ ਵਜੋਂ ਹੋਈ। ਕਿਸਾਨ ਪਰਿਵਾਰ ਦੇ ਸਿਰ ਕਰੀਬ 12 ਲੱਖ ਦਾ ਕਰਜ਼ਾ ਹੈ। ਸੱਤਜੀਤ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ। ਜਾਣਕਾਰੀ ਮੁਤਾਬਕ ਮਾਤਾ ਸ਼੍ਰੀ ਵੈਸ਼ਨੋ ਦੇਵੀ ਕਟੜਾ ਤੋਂ ਕਾਮਾਖਾ ਨੂੰ ਜਾ ਰਹੀ ਰੇਲਗੱਡੀ ਚਾਵਾ ਤੋਂ ਦਿੱਲੀ ਵਾਲੀ ਸਾਈਡ ਨੂੰ ਲੰਘੀ ਤਾਂ ਦਹੇੜੂ ਨੇੜੇ ਇਕ ਵਿਅਕ
ਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਰੇਲ ਗੱਡੀ ਨੂੰ ਰੋਕਣ ਤੋਂ ਬਾਅਦ ਲੋਕੋ ਪਾਇਲਟ ਵੱਲੋਂ ਇਸ ਮਾਮਲੇ ਦੀ ਸੂਚਨਾ ਰੇਲਵੇ ਚੌਂਕੀ ਚਾਵਾ ਦੇ ਇੰਚਾਰਜ ਕੁਲਵੰਤ ਸਿੰਘ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਚੌਂਕੀ ਇੰਚਾਰਜ ਕੁਲਵੰਤ ਸਿੰਘ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਸਰਹਿੰਦ ਤੋਂ ਐੱਸ. ਐੱਚ. ਓ. ਜੀ. ਆਰ. ਪੀ. ਵੀ ਮੌਕੇ ’ਤੇ ਪੁੱਜੇ। ਮੌਕੇ ‘ਤੇ ਕੀਤੀ ਜਾਂਚ ਵਿਚ ਇਹ ਖ਼ੁਦਕੁਸ਼ੀ ਦਾ ਮਾਮਲਾ ਪਾਇਆ ਗਿਆ।
ਸੱਤਜੀਤ ਸਿੰਘ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਦੀ ਮੌਤ ਤੋਂ ਬਾਅਦ ਸੱਤਜੀਤ ਦਿਨ-ਰਾਤ ਮਿਹਨਤ ਕਰਕੇ ਆਪਣਾ ਪਰਿਵਾਰ ਚਲਾ ਰਿਹਾ ਸੀ। ਉਸ ਨੇ ਆਪਣੀਆਂ ਭੈਣਾਂ ਦੇ ਵਿਆਹ ‘ਤੇ ਵੀ ਖ਼ਰਚ ਕੀਤਾ, ਜਿਸ ਕਾਰਨ ਉਸਨੂੰ ਕਰਜ਼ਾ ਲੈਣਾ ਪਿਆ। ਹੁਣ ਸੱਤਜੀਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਚਿਰਾਗ ਬੁੱਝ ਗਿਆ ਹੈ। ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਸੱਤਜੀਤ ਆਪਣੇ ਪਿੱਛੇ ਬਜ਼ੁਰਗ ਮਾਂ, ਪਤਨੀ ਅਤੇ 9 ਸਾਲ ਦਾ ਮਾਸੂਮ ਪੁੱਤਰ ਛੱਡ ਗਿਆ। ਸੱਤਜੀਤ ਸਿੰਘ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ। ਸੱਤਜੀਤ ਸਿੰਘ 7 ਏਕੜ ਵਿੱਚ ਖੇਤੀ ਕਰਦਾ ਸੀ। ਕਰਜ਼ਾ ਉਤਾਰਨ ਲਈ ਉਸਨੇ 2 ਏਕੜ ਜ਼ਮੀਨ ਵੀ ਵੇਚ ਦਿੱਤੀ ਸੀ ਪਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਉਸ ‘ਤੇ ਕਰਜ਼ਾ ਵੱਧਦਾ ਜਾ ਰਿਹਾ ਸੀ। ਇਸ ਪਰੇਸ਼ਾਨੀ ਨੇ ਉਸਦੀ ਜਾਨ ਲੈ ਲਈ।