ਬਾਲ ਗ੍ਰਹਿ ’ਚ 5 ਦਿਨਾਂ ’ਚ 4 ਬੱਚੀਆਂ ਦੀ ਮੌਤ, ਮੈਜਿਸਟ੍ਰੇਟ ਜਾਂਚ ਦੇ ਹੁਕਮ
ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਪ੍ਰਾਗ ਨਾਰਾਇਣ ਰੋਡ ਸਥਿਤ ਸਰਕਾਰੀ ਬਾਲ ਗ੍ਰਹਿ ਵਿਚ 5 ਦਿਨਾਂ ਵਿਚ 4 ਬੱਚੀਆਂ ਦੀ ਮੌਤ ਨੂੰ ਜ਼ਿਲਾ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲੈਂਦੇ ਹੋਏ ਉਸ ਦੇ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਮੈਜਿਸਟ੍ਰੇਟ ਜਾਂਚ ਦੇ ਵੀ ਹੁਕਮ ਦਿੱਤੇ ਹਨ। ਜ਼ਿਲਾ ਪ੍ਰਸ਼ਾਸਨ ਨੇ ਇਨ੍ਹਾਂ ਬੱਚੀਆਂ ਦੀ ਠੰਡ ਨਾਲ ਮੌਤ ਦੀ ਗੱਲ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਮੌਤ ਦੇ ਕਾਰਨਾਂ ਬਾਰੇ ਸਹੀ ਜਾਣਕਾਰੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਚਲ ਸਕੇਗੀ।
ਮਹਿਲਾ ਭਲਾਈ ਵਿਭਾਗ ਦੇ ਜ਼ਿਲਾ ਪ੍ਰੋਬੇਸ਼ਨ ਅਫ਼ਸਰ (ਡੀ. ਪੀ. ਓ.) ਵਿਕਾਸ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਬਾਲ ਗ੍ਰਹਿ ਵਿਚ 4 ਬੱਚੀਆਂ ਦੀ ਮੌਤ 10 ਤੋਂ 14 ਫ ਰਵਰੀ ਦਰਮਿਆਨ ਇਲਾਜ ਦੌਰਾਨ ਹੋਈ ਹੈ, ਜੋ ਡੇਢ ਮਹੀਨੇ ਤੋਂ ਸਾਢੇ 5 ਮਹੀਨੇ ਦੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਅਜੇ ਨਹੀਂ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।