ਮੋਗਾ ਅਦਾਲਤ ’ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ੀ ਭੁਗਤੀ
ਮੋਗਾ: ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸ੍ਰੀਮਤੀ ਪ੍ਰੀਤੀ ਸੁਖੀਜਾ ਦੀ ਅਦਾਲਤ ਵਿਚ ਸਾਬਕਾ ਕਾਂਗਰਸ ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਦਾਇਰ ਮਾਣਹਾਨੀ ਮੁਕੱਦਮੇ ਵਿਚ ਪੇਸ਼ੀ ਭੁਗਤੀ। ਵਿੱਤ ਮੰਤਰੀ ਵੱਲੋਂ ਅਦਾਲਤ ਵਿਚ ਕੇਸ ਦੀ ਪੈਰਵੀ ਲਈ ਐਡਵੋਕੇਟ ਨਿਰਪਾਲ ਸਿੰਘ ਧਾਲੀਵਾਲ, ਐਡਵੋਕੇਟ ਰਵਿੰਦਰਪਾਲ ਸਿੰਘ ਰੱਤੀਆਂ ਅਤੇ ਐਡਵੋਕੇਟ ਬਰਿੰਦਰਪਾਲ ਸਿੰਘ ਰੱਤੀਆਂ ਪੇਸ਼ ਹੋਏ। ਦੂਜੇ ਪਾਸੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਵੀ ਆਪਣੇ ਵਕੀਲ ਨਾਲ ਅਦਾਲਤ ਵਿਚ ਹਾਜ਼ਰ ਹੋਏ। ਕੇਸ ਦੇ ਗਵਾਹ ਅਦਾਲਤ ਵਿਚ ਹਾਜ਼ਰ ਨਾ ਆਉਣ ਕਾਰਨ ਅਦਾਲਤ ਨੇ ਗਵਾਹੀ ਅਗਲੀ ਸੁਣਵਾਈ ਲਈ 4 ਮਾਰਚ ਤਰੀਕ ਤੈਅ ਕੀਤੀ ਹੈ। ਅਦਾਲਤ ਵਿਚ ਮੀਡੀਆ ਕਰਮੀ ਵੀ ਮੌਜੂਦ ਰਹੇ ਪਰ ਵਿੱਤ ਮੰਤਰੀ ਹਰਪਾਲ ਚੀਮਾ ਅਦਾਲਤ ਵਿਚ ਪੇਸ਼ੀ ਭੁਗਤਣ ਮਗਰੋਂ ਪੱਤਰਕਾਰਾਂ ਨੂੰ ਝਕਾਨੀ ਦੇ ਕੇ ਨਿਕਲ ਗਏ।