ਦੀਪਕ ਮੱਟੂ ਕਤਲ ਕਾਂਡ ’ਚ ਵੱਡਾ ਖੁਲਾਸਾ, ਖ਼ਤਰਨਾਕ ਗੈਂਗਸਟਰ ਖਰੋੜ ਦੇ 2 ਸਾਥੀ ਗ੍ਰਿਫਤਾਰ
ਪਟਿਆਲਾ: ਸੀ. ਆਈ. ਏ. ਸਟਾਫ਼ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਇਕ ਅਹਿਮ ਸਫ਼ਲਤਾ ਪ੍ਰਾਪਤ ਕਰਦਿਆਂ ਖਤਰਨਾਕ ਗੈਂਗਸਟਰ ਐੱਸ. ਕੇ. ਖਰੌੜ ਦੇ 2 ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਪਿਸਟਲ ਅਤੇ 10 ਰੋਂਦ ਬਰਾਮਦ ਕੀਤੇ ਹਨ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਸ ਵੱਲੋਂ ਪਿਛਲੇ ਸਮੇਂ ਦੌਰਾਨ ਭਗੌੜੇ ਕ੍ਰਿਮੀਨਲ ਵਿਅਕਤੀਆਂ ਖ਼ਿਲਾਫ ਕਾਰਵਾਈ, ਅਣਸੁਲਝੇ ਗੰਭੀਰ ਅਪਰਾਧਾਂ ਦੇ ਕੇਸਾਂ ਨੂੰ ਟਰੇਸ ਕਰਨ ਲਈ ਅਤੇ ਗੈਂਗਸਟਰਾਂ ਆਦਿ ਖ਼ਿਲਾਫ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ। ਇਸ ਤਹਿਤ ਐੱਸ. ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ, ਐੱਸ. ਪੀ. ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ, ਡੀ. ਐੱਸ. ਪੀ. ਡੀ. ਸੁਖਅੰਮ੍ਰਿਤ ਸਿੰਘ ਰੰਧਾਵਾ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ. ਆਈ. ਏ. ਪਟਿਆਲਾ ਵੱਲੋਂ ਚਲਾਏ ਗਏ ਸਪੈਸ਼ਲ ਆਪਰੇਸ਼ਨ ਦੌਰਾਨ ਐੱਸ. ਕੇ. ਖਰੌੜ ਦੇ ਨਜ਼ਦੀਕੀ ਸਾਥੀ ਗੁਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਅਵਤਾਰ ਸਿੰਘ ਵਾਸੀ ਨੇੜੇ ਕਾਲੋਨੀ ਸੇਂਟਮੈਰੀ ਪਬਲਿਕ ਸਕੂਲ ਥਾਣਾ ਸਨੌਰ ਅਤੇ ਇਸ ਦੇ ਸਾਥੀ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਰਣਬੀਰਪੁਰਾ ਕੋਰਜੀਵਾਲਾ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਲਾਡੀ ਉਕਤ ਕਤਲ, ਲੁੱਟਾਂ-ਖੋਹਾਂ ਦੇ 9 ਕੇਸਾਂ ’ਚ ਲੌੜੀਂਦਾ ਸੀ, ਜੋ ਇਹ ਕੇਸ ਪੰਚਕੂਲਾ, ਕੁਰੂਕਸ਼ੇਤਰ (ਹਰਿਆਣਾ), ਜ਼ਿਲ੍ਹਾ ਰੂਪਨਗਰ ਅਤੇ ਪਟਿਆਲਾ ਦੇ ਵੱਖ-ਵੱਖ ਥਾਣਿਆਂ ’ਚ ਦਰਜ ਹਨ। ਗੁਰਪ੍ਰੀਤ ਸਿੰਘ ਲਾਡੀ ਨੂੰ ਅਦਾਲਤ ਵੱਲੋਂ ਪਹਿਲਾਂ ਸਜ਼ਾ ਵੀ ਹੋਈ ਹੈ। ਇਹ ਕਾਫੀ ਦੇਰ ਤੋਂ ਭਗੌੜਾ ਚੱਲਿਆ ਆ ਰਿਹਾ ਸੀ ਅਤੇ ਪਟਿਆਲਾ ਦੇ 2 ਕਤਲ ਕੇਸਾਂ ’ਚ ਲੌੜੀਂਦਾ ਸੀ ਜਿਨ੍ਹਾਂ ’ਚ ਦੀਪਕ ਮੱਟੂ ਕਤਲ ਕੇਸ ਥਾਣਾ ਅਨਾਜ ਮੰਡੀ, ਦੂਜਾ ਕਤਲ ਦੀਪਕ ਕੁਮਾਰ ਥਾਣਾ ਅਰਬਨ ਅਸਟੇਟ ਸ਼ਾਮਲ ਹਨ। ਇਹ ਕੰਵਰ ਰਣਦੀਪ ਸਿੰਘ ਐੱਸ. ਕੇ. ਖਰੋਡ਼ ਗੈਂਗ ਦੇ ਮੈਂਬਰਾਂ ਦੇ ਕਰੀਬੀ ਰਿਹਾ ਹੈ। ਇਸ ਤੋਂ ਬਿਨਾਂ ਭਿੰਦਾ ਮਰਡਰ ਕੇਸ (ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ) ਮਾਰਚ 2022 ’ਚ ਥਾਣਾ ਅਰਬਨ ਅਸਟੇਟ ਵਿਖੇ ਦਰਜ ਕੇਸ ’ਚ ਵੀ ਇਸ ਦੀ ਸ਼ਮੂਲੀਅਤ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਵੀ ਇਸ ਦਾ ਰਿਸ਼ਤੇਦਾਰ ਹੈ, ਜੋ ਕਿ ਇਸ ਨਾਲ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਹੋਇਆ ਸੀ। ਹੁਣ ਇਨ੍ਹਾਂ ਦੋਵਾਂ ਵੱਲੋਂ ਲੰਘੀ 31 ਜਨਵਰੀ ਨੂੰ ਗੌਰਮਿੰਟ ਪ੍ਰੈੱਸ ਨੇੜੇ ਦੀਪਕ ਮੱਟੂ ਦਾ ਤੇਜ਼ਧਾਰ ਹਥਿਆਰਾਂ ਨਾਲ ਪੈਸੇ ਦੇ ਲੈਣ-ਦੇਣ ਕਰ ਕੇ ਕਤਲ ਕਰ ਦਿੱਤਾ ਸੀ।
ਦੋਹਾਂ ਦੀ ਗ੍ਰਿਫ਼ਤਾਰੀ ਨਾਲ ਇਹ ਅੰਨਾ ਕਤਲ ਵੀ ਟਰੇਸ ਹੋ ਗਿਆ ਹੈ। ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਦੋਵੇਂ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਲਾਡੀ ਅਤੇ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਉਕਤ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਅਦਾਲਤ ਨੇ ਉਨ੍ਹਾਂ ਨੂੰ 5 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ, ਜਿਥੇ ਇਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਐੱਸ. ਪੀ. ਸਿਟੀ ਸਰਫਰਾਜ਼ ਆਲਮ, ਐੱਸ. ਪੀ. ਡੀ. ਹਰਬੀਰ ਸਿੰਘ ਅਟਵਾਲ, ਡੀ. ਐੱਸ. ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ ਅਤੇ ਸੀ. ਆਈ. ਏ. ਸਟਾਫ਼ ਪਟਿਆਲਾ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਵੀ ਹਾਜ਼ਰ ਸਨ।