ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਵੱਡੀ ਗਿਣਤੀ ’ਚ ਹਥਿਆਰਾਂ ਤੇ ਕਾਰਤੂਸ ਸਮੇਤ ਗ੍ਰਿਫ਼ਤਾਰ

ਰੂਪਨਗਰ  : ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਕ ਸਾਥੀ ਨੂੰ ਰੂਪਨਗਰ ਪੁਲਸ ਨੇ 9 ਪਿਸਟਲ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਵਿਵੇਕਸ਼ੀਲ ਸੋਨੀ, ਆਈ.ਪੀ.ਐੱਸ, ਸੀਨੀਅਰ ਪੁਲਸ, ਕਪਤਾਨ ਰੂਪਨਗਰ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਰ ਸਮਾਜੀ ਅਨਸਰਾਂ/ਗੈਂਗਸਟਰਾਂ ਖਿਲਾਫ ਛੇੜੀ ਮੁਹਿੰਮ ਅਧੀਨ ਮਨਵਿੰਦਰਬੀਰ ਸਿੰਘ, ਪੀ. ਪੀ. ਐੱਸ, ਕਪਤਾਨ ਪੁਲਸ (ਡਿਟੈਕਟਿਵ) ਅਤੇ ਤਲਵਿੰਦਰ ਸਿੰਘ ਗਿੱਲ, ਪੀ.ਪੀ.ਐਸ, ਉਪ ਕਪਤਾਨ ਪੁਲਸ (ਡਿਟੈਕਟਿਵ) ਰੂਪਨਗਰ ਦੀ ਅਗਵਾਈ ਹੇਠ ਇੰਚਾਰਜ ਸੀ. ਆਈ. ਏ. ਰੂਪਨਗਰ ਸਮੇਤ ਪੁਲਸ ਪਾਰਟੀ ਨੂੰ ਬਹੁਤ ਅਹਿਮ ਕਾਮਯਾਬੀ ਹਾਸਲ ਹੋਈ। ਇਸ ਟੀਮ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਵਿਸ਼ਾਲ ਵਰਮਾ ਉਰਫ ਸ਼ਾਲੂ ਪੁੱਤਰ ਬ੍ਰਿਜ ਮੋਹਨ ਵਰਮਾ ਵਾਸੀ ਸਕੀਮ ਨੰਬਰ-2 ਇੰਪਰੂਵਮੈਂਟ ਟਰੱਸਟ ਨੇੜੇ ਦਾਣਾ ਮੰਡੀ ਫਗਵਾੜਾ ਰੋਡ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਸਮੇਤ 09 ਪਿਸਟਲ ਅਤੇ 20 ਜਿੰਦਾ ਕਾਰਤੂਸਾਂ ਦੇ ਕਾਬੂ ਕੀਤਾ ਹੈ।

ਪੁਲਸ ਮੁਤਾਬਕ ਗੈਂਗਸਟਰ ਵਲੋਂ ਇਨ੍ਹਾਂ ਹਥਿਆਰਾਂ ਨਾਲ ਪੰਜਾਬ ਵਿਚ ਬਹੁਤ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਖਤਰਨਾਕ ਮਨਸੂਬੇ ਫੇਲ ਹੋਏ ਹਨ। ਉਨ੍ਹਾ ਦੱਸਿਆ ਕਿ ਇਸ ਗੈਂਗ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿਚ ਨਜਾਇਜ਼ ਹਥਿਆਰ ਅਤੇ ਨਸ਼ਾ ਸਪਲਾਈ ਕਰਨ ਦਾ ਕੰਮ ਵੀ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਸੀ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਸ ਪਾਸੋਂ ਦੌਰਾਨੇ ਰਿਮਾਂਡ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ। ਮਾਮਲੇ ਦੀ ਤਫਤੀਸ਼ ਜਾਰੀ ਹੈ।

Leave a Reply