ਪਹਿਲੀ ਵਾਰ ’ਚ ਪਤੀ ਦੀ ਮੌਤ ਨਾ ਹੋਈ ਤਾਂ ਅਗਲੇ ਦਿਨ ਮੁੜ ਦਿੱਤਾ ਜ਼ਹਿਰ

ਲੁਧਿਆਣਾ: ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਪਤੀ ਦਾ ਕਤਲ ਕਰਨ ਵਾਲੀ ਔਰਤ ਅਤੇ ਉਸ ਦੇ ਆਸ਼ਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਏ. ਸੀ. ਪੀ. ਨਾਰਥ ਮਨਿੰਦਰ ਬੇਦੀ ਨੇ ਦੱਸਿਆ ਕਿ 14 ਫਰਵਰੀ ਨੂੰ ਪਿੰਡ ਭੱਟੀਆਂ ਬੇਟ ਦੇ ਅਮਲਤਾਸ ਐਨਕਲੇਵ ਦੇ ਰਹਿਣ ਵਾਲੇ ਵਰੁਣ ਮਿੱਤਲ (40) ਨੂੰ ਉਸ ਦੀ ਪਤਨੀ ਸ਼ਿਲਪਾ ਮਿੱਤਲ ਨੇ ਆਪਣੇ ਘਰ ਦੇ ਹੀ ਸਾਹਮਣੇ ਰਹਿਣ ਵਾਲੇ ਆਪਣੇ ਆਸ਼ਕ ਜਸਵੰਤ ਰਾਜ ਨਾਲ ਮਿਲ ਕੇ ਜ਼ਹਿਰ ਖੁਆ ਕੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਥਾਣਾ ਸਲੇਮ ਟਾਬਰੀ ਦੇ ਮੁਖੀ ਹਰਜੀਤ ਸਿੰਘ ਨੇ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਸੀ। ਜਾਂਚ ਦੌਰਾਨ ਮ੍ਰਿਤਕ ਦੀ ਪਤਨੀ ਸ਼ਿਲਪਾ ਮਿੱਤਲ ਅਤੇ ਉਸ ਦੇ ਆਸ਼ਿਕ ਜਸਵੰਤ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏ. ਸੀ. ਪੀ. ਬੇਦੀ ਨੇ ਦੱਸਿਆ ਕਿ ਮੁਲਜ਼ਮ ਔਰਤ ਸ਼ਿਲਪਾ ਦੇ ਜਸਵੰਤ ਨਾਲ ਪਿਛਲੇ 4 ਸਾਲਾਂ ਤੋਂ ਨਾਜਾਇਜ਼ ਸਬੰਧ ਸਨ, ਜਿਸ ਸਬੰਧੀ ਉਸ ਦੇ ਪਤੀ ਵਰੁਣ ਨੂੰ ਪਤਾ ਲੱਗ ਗਿਆ ਸੀ।

ਇਸ ਕਾਰਨ ਉਸ ਦਾ ਪਤੀ ਉਸ ਨੂੰ ਜਸਵੰਤ ਨੂੰ ਛੱਡਣ ਬਾਰੇ ਸਮਝਾਉਂਦਾ ਰਹਿੰਦਾ ਸੀ ਪਰ ਨਾਜਾਇਜ਼ ਸਬੰਧਾਂ ’ਚ ਉਸ ਨੂੰ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ, ਜਿਸ ਕਾਰਨ ਉਸ ਨੇ ਜਸਵੰਤ ਨੂੰ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣ ਬਾਰੇ ਗੱਲ ਕੀਤੀ। ਜਸਵੰਤ ਨੇ ਸਲਫ਼ਾਸ ਦੀਆਂ ਗੋਲੀਆਂ ਉਸ ਨੂੰ ਲਿਆ ਕੇ ਦਿੱਤੀਆਂ, ਜਿਨ੍ਹਾਂ ਨੂੰ ਪੀਸ ਕੇ ਸ਼ਿਲਪਾ ਨੇ ਆਪਣੇ ਪਤੀ ਵਰੁਣ ਦੇ ਖਾਣੇ ’ਚ ਮਿਲਾ ਦਿੱਤਾ। ਇਸ ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਘਰ ਵਿਚ ਹੀ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮੁਹੱਲੇ ’ਚ ਲੋਕਾਂ ਨੂੰ ਕਿਹਾ ਕਿ ਉਸ ਦੇ ਪਤੀ ਦੀ ਅਚਾਨਕ ਮੌਤ ਹੋ ਗਈ ਹੈ ਪਰ ਉਨ੍ਹਾਂ ਦੀ ਉਕਤ ਮਾੜੀ ਹਰਕਤ ਫੜ੍ਹੀ ਗਈ। ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ।

ਇਕ ਵਾਰ ਨਹੀਂ ਹੋਈ ਮੌਤ ਤਾਂ ਅਗਲੇ ਦਿਨ ਦੂਜੀ ਵਾਰ ਫਿਰ ਦਿੱਤਾ ਪਤੀ ਨੂੰ ਜ਼ਹਿਰ
ਏ. ਸੀ. ਪੀ. ਮਨਿੰਦਰ ਬੇਦੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸ਼ਿਲਪਾ ਅਤੇ ਜਸਵੰਤ ਨੇ ਪੁੱਛਗਿੱਛ ’ਚ ਦੱਸਿਆ ਕਿ ਪਹਿਲਾਂ ਸ਼ਿਲਪਾ ਨੇ ਆਪਣੇ ਪਤੀ ਵਰੁਣ ਨੂੰ 13 ਫਰਵਰੀ ਨੂੰ ਖਾਣੇ ’ਚ ਜ਼ਹਿਰ ਮਿਲਾ ਕੇ ਦਿੱਤਾ। ਇਸ ਤੋਂ ਬਾਅਦ ਉਸ ਦੇ ਪਤੀ ਦੀ ਸਿਹਤ ਜ਼ਿਆਦਾ ਖ਼ਰਾਬ ਨਹੀਂ ਹੋਈ ਅਤੇ ਅਗਲੇ ਦਿਨ 14 ਫਰਵਰੀ ਨੂੰ ਫਿਰ ਉਸ ਨੇ ਆਪਣੇ ਪਤੀ ਨੂੰ ਜ਼ਿਆਦਾ ਮਾਤਰਾ ’ਚ ਜ਼ਹਿਰ ਖਾਣੇ ਵਿਚ ਪਾ ਦਿੱਤਾ, ਜਿਸ ਕਾਰਨ ਵਰੁਣ ਦੀ ਤੜਫ਼-ਤੜਫ਼ ਕੇ ਮੌਤ ਹੋ ਗਈ।
ਪਤੀ ਦੇ ਨਾਲ ਆਪਣੀ ਸੱਸ ਨੂੰ ਵੀ ਮਾਰਨਾ ਚਾਹੁੰਦੀ ਸੀ
ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਸ਼ਿਲਪਾ ਆਪਣੇ ਪਤੀ ਵਰੁਣ ਦੇ ਨਾਲ ਸੱਸ ਮਮਤਾ ਦੇਵੀ ਨੂੰ ਵੀ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦੀ ਸੀ ਕਿਉਂਕਿ ਸੱਸ ਉਸ ਦੀਆਂ ਸਾਰੀਆਂ ਹਰਕਤਾਂ ਆਪਣੇ ਪੁੱਤਰ ਨੂੰ ਦੱਸਦੀ ਸੀ। ਇਸ ਲਈ ਸ਼ਿਲਪਾ ਨੇ ਆਪਣੀ ਸੱਸ ਨੂੰ ਵੀ ਇਕ ਵਾਰ ਖਾਣੇ ’ਚ ਜ਼ਹਿਰ ਪਾ ਦਿੱਤਾ ਸੀ ਪਰ ਸੱਸ ਦੀ ਥੋੜ੍ਹੀ ਸਿਹਤ ਵਿਗੜੀ ਅਤੇ ਉਹ ਬਚ ਗਈ।

Leave a Reply