ਨੂੰਹਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤੀ ਸੱਸ

ਤਰਨਤਾਰਨ/ਪੱਟੀ : ਪੱਟੀ ਦੇ ਅਧੀਨ ਪੈਂਦੇ ਪਿੰਡ ਤੂਤ ਵਿਖੇ ਕਲਯੁਗੀ ਨੂੰਹਾਂ ਵਲੋਂ ਆਪਣੀ ਸੱਸ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੋਵਾਂ ਨੂੰਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕਾ ਦੇ ਪਤੀ ਬਲਕਾਰ ਸਿੰਘ ਪੁੱਤਰ ਕੈਲ ਸਿੰਘ ਵਾਸੀ ਪਿੰਡ ਤੂਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਪਤਨੀ ਕੁਲਵੰਤ ਕੌਰ ਜੋ ਆਪਣੀਆਂ ਦੋਹਾਂ ਨੂੰਹਾਂ ਗੁਰਮੀਤ ਕੌਰ ਪਤਨੀ ਤਰਲੋਚਨ ਸਿੰਘ ਅਤੇ ਮਨਦੀਪ ਕੌਰ ਪਤਨੀ ਕੁਲਦੀਪ ਸਿੰਘ ਜਿਨ੍ਹਾਂ ਦੇ ਚਾਲ-ਚੱਲਣ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਰੋਕਦੀ ਸੀ, ਜਿਸ ਕਾਰਨ ਉਸਦੀਆਂ ਨੂੰਹਾਂ ਉਸ ਦੀ ਪਤਨੀ ਨਾਲ ਅਕਸਰ ਤੂੰ-ਤੂੰ ਮੈਂ-ਮੈਂ ਕਰਦੀਆਂ ਸਨ। ਬਲਕਾਰ ਸਿੰਘ ਨੇ ਦੱਸਿਆ ਕਿ ਬੀਤੀ 9 ਫਰਵਰੀ ਦੀ ਰਾਤ ਸਾਢੇ ਅੱਠ ਵਜੇ ਜਦੋਂ ਉਸ ਦੀ ਪਤਨੀ ਹਵੇਲੀ ਜਾਣ ਤੋਂ ਬਾਅਦ ਘਰ ਵਾਪਸ ਨਾ ਪਰਤੀ ਤਾਂ ਉਹ ਆਪਣੇ ਬੇਟੇ ਸਮੇਤ ਲੱਭਣ ਲਈ ਘਰੋਂ ਬਾਹਰ ਚਲੇ ਗਏ।

ਇਸ ਦੌਰਾਨ ਉਨ੍ਹਾਂ ਵੇਖਿਆ ਕਿ ਸੜਕ ਕਿਨਾਰੇ ਉਸ ਦੀ ਪਤਨੀ ਖੂਨ ਨਾਲ ਲੱਥ-ਪੱਥ ਹੋਈ ਡਿੱਗੀ ਪਈ ਸੀ, ਜਿਸ ਨੂੰ ਤੁਰੰਤ ਤਰਨਤਾਰਨ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਬਲਕਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੀਆਂ ਦੋਹਾਂ ਨੂੰਹਾਂ ਨੇ ਹੀ ਉਸਦੀ ਪਤਨੀ ਨੂੰ ਗੰਭੀਰ ਸੱਟਾਂ ਲੱਗਾਈਆਂ, ਜਿਸ ਵਿਚ ਉਸ ਦੀ ਮੌਤ ਹੋ ਗਈ। ਇਸ ਬਾਬਤ ਥਾਣਾ ਸਦਰ ਪੱਟੀ ਅਧੀਨ ਆਉਂਦੀ ਚੌਂਕੀ ਤੂਤ ਦੇ ਇੰਚਾਰਜ ਏ.ਐੱਸ.ਆਈ ਕਿਰਪਾਲ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਦੇ ਬਿਆਨਾਂ ਹੇਠ ਦੋਵਾਂ ਨੂੰਹਾਂ ਖਿਲਾਫ਼ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ  ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Leave a Reply