ਈਸਾਈ ਭਾਈਚਾਰੇ ਵੱਲੋਂ ਜੰਤਰ ਮੰਤਰ ’ਤੇ ਰੋਸ ਪ੍ਰਦਰਸ਼ਨ
ਨਵੀਂ ਦਿੱਲੀ: ਦੇਸ਼ ਵਿੱਚ ਗਿਰਜਾਘਰਾਂ ’ਤੇ ਹੁੰਦੇ ਹਮਲੇ, ਹਿੰਸਾ ਤੇ ਗ੍ਰਿਫ਼ਤਾਰੀਆਂ ਖ਼ਿਲਾਫ਼ ਈਸਾਈ ਭਾਈਚਾਰੇ ਨੇ ਅੱਜ ਇਥੋਂ ਦੇ ਜੰਤਰ ਮੰਤਰ ’ਤੇ ਰੋਸ ਪ੍ਰਦਰਸ਼ਨ ਕੀਤਾ। ਮੁਜ਼ਾਹਰਾਕਾਰੀ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਦਿੱਲੀ ਪਹੁੰਚੇ ਸਨ। ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਏ ਉੱਤਰ ਪ੍ਰਦੇਸ਼ ਦੇ ਸਟੀਵਨ ਨੇ ਕਿਹਾ ਕਿ ਈਸਾਈ ਭਾਈਚਾਰੇ ’ਤੇ ਲੋਕਾਂ ਦਾ ਜਬਰੀ ਧਰਮ ਬਦਲਣ ਦਾ ਦੋਸ਼ ਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਿਰਜਾਘਰਾਂ ’ਤੇ ਹਮਲੇ ਕੀਤੇ ਜਾਂਦੇ ਹਨ ਤੇ ਈਸਾਈ ਲੋਕਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਇਸ ਕਾਰਨ ਈਸਾਈ ਭਾਈਚਾਰਾ ਤਣਾਅ ਦਾ ਸ਼ਿਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2021 ਵਿੱਚ ਈਸਾਈ ਭਾਈਚਾਰੇ ਖ਼ਿਲਾਫ਼ ਤਸ਼ਦਦ ਦੀਆਂ 525 ਘਟਨਾਵਾਂ ਵਾਪਰੀਆਂ ਜਦੋਂ ਕਿ 2022 ਵਿੱਚ ਅਜਿਹੀਆਂ ਘਟਨਾਵਾਂ ਦੀ ਗਿਣਤੀ 600 ਸੀ। ਪਾਈਚਾਰੇ ਨਾਲ ਸਬੰਧਤ ਹੋਰਨਾਂ ਲੋਕਾਂ ਨੇ ਵੀ ਆਪਣੀ ਵਿਥਿਆ ਸੁਣਾਈ।