…ਜਦੋਂ ਕਾਲਜ ਦੀ ਬੱਸ ਚਲਾ ਰਹੇ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ
ਮੋਹਾਲੀ : ਇੱਥੇ ਫੇਜ਼-4 ਸਥਿਤ ਮਦਨਪੁਰਾ ਚੌਂਕ ‘ਚ ਕਾਲਜ ਦੀ ਬੱਸ ਬੇਕਾਬੂ ਹੋ ਕੇ ਦੂਜੇ ਵਾਹਨ ਨਾਲ ਜਾ ਟਕਰਾਈ। ਬੱਸ ਚਾਲਕ ਨੇ ਫੇਜ਼-5 ਵੱਲੋਂ ਚੰਡੀਗੜ੍ਹ ਨੂੰ ਜਾ ਰਹੀ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਇਹ ਹਾਦਸਾ ਬੱਸ ਦੇ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਵਾਪਰਿਆ। ਚੰਗੀ ਗੱਲ ਇਹ ਰਹੀ ਕਿ ਕਾਰ ਚਾਲਕ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਪਰ ਕਾਰ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।
ਚੌਂਕ ‘ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਚੌਂਕ ‘ਤੇ ਆਉਣ ਤੋਂ ਪਹਿਲਾਂ ਹੀ ਆਪਣਾ ਹੱਥ ਬੱਸ ‘ਚੋਂ ਕੱਢ ਕੇ ਲੋਕਾਂ ਨੂੰ ਸੜਕ ਤੋਂ ਹਟਣ ਲਈ ਕਹਿੰਦਾ ਆ ਰਿਹਾ ਸੀ। ਇਸ ਦੌਰਾਨ ਬੱਸ ਦੀ ਕਾਰ ਨਾਲ ਟੱਕਰ ਹੋ ਗਈ। ਬੱਸ ‘ਚ ਸਵਾਰ ਜੋਤੀ ਸ਼ਰਮਾ ਨੇ ਦੱਸਿਆ ਕਿ ਉਸ ਨੇ ਫੇਜ਼-4 ਤੋਂ ਅੱਗੇ ਉਤਰਨਾ ਸੀ ਪਰ ਅਚਾਨਕ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।