ਤਰਨਤਾਰਨ ’ਚ ਫਿਰ ਵੱਡੀ ਵਾਰਦਾਤ, ਅੱਧੀ ਰਾਤ ਨੂੰ ਘਰ ’ਚ ਦਾਖਲ ਹੋ 10 ਬੰਦਿਆਂ ਨੇ ਮਾਰਿਆ ਡਾਕਾ

ਤਰਨਤਾਰਨ: ਥਾਣਾ ਚੋਹਲਾ ਸਾਹਿਬ ਦੇ ਅਧੀਨ ਆਉਂਦੇ ਪਿੰਡ ਚੋਹਲਾ ਖੁਰਦ ਵਿਖੇ ਬੀਤੀ ਰਾਤ ਲਗਭਗ ਦਸ ਦੇ ਕਰੀਬ ਅਣਪਛਾਤੇ ਲੁਟੇਰਿਆਂ ਵੱਲੋਂ ਘਰ ਵਿਚ ਦਾਖਲ ਹੋ ਕੇ ਹਥਿਆਰਾਂ ਦੀ ਨੋਕ ’ਤੇ ਪਰਿਵਾਰ ਨੂੰ ਬੰਦਕ ਬਣਾ ਕੇ ਲੁੱਟ ਲਿਆ ਗਿਆ। ਲੁਟੇਰੇ ਘਰ ’ਚੋਂ ਗਹਿਣੇ, ਮੋਬਾਇਲ ਅਤੇ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਪਰਿਵਾਰ ਦੇ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕੇ ਬੀਤੀ ਰਾਤ ਲਗਭਗ ਇਕ ਵਜੇ ਦੇ ਕਰੀਬ ਜਦੋਂ ਉਹ ਘਰ ਵਿਚ ਸੁੱਤੇ ਪਏ ਸਨ ਤਾਂ ਦਸ ਵਿਅਕਤੀ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਏ। ਲੁਟੇਰਿਆਂ ਨੇ ਬਰਾਂਡੇ ਵਿਚ ਸੁੱਤੀ ਪਈ ਉਸ ਦੀ ਪਤਨੀ ਨੂੰ ਪਿਸਤੌਲ ਦੀ ਨੌਕ ’ਤੇ ਬੰਦੀ ਬਣਾ ਲਿਆ ਅਤੇ ਮੇਰੇ ਕੋਲ ਲੈ ਆਏ।

ਲੁਟੇਰਿਆਂ ਨੇ ਸਾਨੂੰ ਦੋਵਾਂ ਨੂੰ ਬੰਦਕ ਬਣਾ ਲਿਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ। ਉਕਤ ਨੇ ਦੱਸਿਆ ਕਿ ਲੁਟੇਰੇ ਉਨ੍ਹਾਂ ਦੇ ਘਰ ਲਗਭਗ ਇਕ ਘੰਟਾ ਰਹੇ ਅਤੇ ਸਾਰੇ ਸਮਾਨ ਦੀ ਫੋਲਾ-ਫਰਾਲੀ ਕਰਦੇ ਰਹੇ। ਲੁਟੇਰੇ ਦੋ ਸੋਨੇ ਦੇ ਸੈੱਟ, ਇਕ ਚੈਨੀ, ਤਿੰਨ ਮੁੰਦਰੀਆਂ, ਮੋਬਾਇਲ ਅਤੇ ਘਰ ਵਿਚ ਰੱਖੀ ਪੰਜ ਹਜ਼ਾਰ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਵਾਰਦਾਤ ਤੋਂ ਤੁਰੰਤ ਬਾਅਦ ਉਨ੍ਹਾਂ ਵੱਲੋਂ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ ਇਸ ਸੰਬੰਧੀ ਸੂਚਿਤ ਕੀਤਾ ਗਿਆ। ਉਧਰ ਵਾਰਦਾਤ ਤੋਂ ਬਾਅਦ ਮੌਕੇ ’ਤੇ ਪਹੁੰਚੇ ਡਿਊਟੀ ਅਫਸਰ ਏ. ਐੱਸ. ਆਈ. ਹਰਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

error: Content is protected !!