ਜਲੰਧਰ ਦੇ ਡਰਾਈਵਿੰਗ ਟੈਸਟ ਸੈਂਟਰ ‘ਚ ਹੰਗਾਮਾ, ਸ਼ਰੇਆਮ ਮਾਂ-ਧੀ ਦੀ ਕੀਤੀ ਕੁੱਟਮਾਰ

ਜਲੰਧਰ: ਬੱਸ ਸਟੈਂਡ ਨੇੜੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ‘ਤੇ ਪਾਰਕਿੰਗ ਠੇਕੇਦਾਰ ਵੱਲੋਂ ਮਾਂ-ਧੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਾਰਕਿੰਗ ਦੇ ਪੈਸਿਆਂ ਨੂੰ ਲੈ ਕੇ ਠੇਕੇਦਾਰ ਨਾਲ ਮਾਮੂਲੀ ਤਕਰਾਰ ਹੋ ਗਈ ਅਤੇ ਲਾਇਸੈਂਸ ਲੈਣ ਆਈ ਮਾਂ-ਧੀ ਦੀ ਕੁੱਟਮਾਰ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਕਿੰਗ ਕਰਨ ਆਈ ਔਰਤ ਜੋਤੀ ਨੇ ਦੱਸਿਆ ਕਿ ਉਹ ਆਪਣੀ ਕੁੜੀ ਨਾਲ ਇਥੇ ਆਈ ਸੀ ਅਤੇ ਜਦੋਂ ਉਹ ਪਾਰਕਿੰਗ ਦੇ ਪੈਸੇ ਕੱਢ ਰਹੀ ਸੀ ਤਾਂ ਪੈਸੇ ਲੈਣ ਵਾਲੀ ਔਰਤ ਨੇ ਹੱਥ ਵਿਖਾਉਣੇ ਸ਼ੁਰੂ ਕਰ ਦਿੱਤੇ। ਇਸ ਸਬੰਧੀ ਉਸ ਨੇ ਕਿਹਾ ਕਿ ਜਦ ਉਹ ਪੈਸੇ ਦੇ ਰਹੇ ਹਨ ਤਾਂ ਹੱਥ ਕਿਉਂ ਵਿਖਾ ਰਹੇ ਹੋ ਤਾਂ ਪੈਸੇ ਲੈਣ ਵਾਲੀ ਔਰਤ ਨੇ ਕਿਹਾ ਕਿ ਉਹ ਹੱਥ ਹੀ ਨਹੀਂ ਵਿਖਾ ਰਹੀ ਸਗੋਂ ਮਾਰ ਵੀ ਦੇਵੇਗੀ।

ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸ ਮਗਰੋਂ ਔਰਤ ਅਤੇ ਉਸ ਦੇ ਸਾਥੀ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੀ ਸ਼ਿਕਾਇਤ ਬੱਸ ਸਟੈਂਡ ਪੁਲਸ ਚੌਂਕੀ ਨੂੰ ਦਿੱਤੀ ਗਈ। ਦੂਜੇ ਪਾਸੇ ਥਾਣਾ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply