ਕੈਬਨਿਟ ਨੇ ਭਾਰਤ, ਗੁਆਨਾ ਵਿਚਾਲੇ ਹਵਾਈ ਸੇਵਾ ਸਮਝੌਤੇ ‘ਤੇ ਦਸਤਖ਼ਤ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ- ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਭਾਰਤ ਅਤੇ ਗੁਆਨਾ ਵਿਚਕਾਰ ਹਵਾਈ ਸੇਵਾ ਸਮਝੌਤੇ ‘ਤੇ ਦਸਤਖ਼ਤ ਕਰਨ ਨੂੰ ਮਨਜ਼ੂਰੀ ਦਿੱਤੀ। ਇਕ ਅਧਿਕਾਰਤ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ‘ਚ ਇਸ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਇਸ ‘ਚ ਕਿਹਾ ਗਿਆ ਹੈ ਕਿ ਹਵਾਈ ਸੇਵਾ ਸਮਝੌਤਾ ਦੋਵਾਂ ਧਿਰਾਂ ਵਿਚਕਾਰ ਕੂਟਨੀਤਕ ਆਦਾਨ-ਪ੍ਰਦਾਨ ਤੋਂ ਬਾਅਦ ਲਾਗੂ ਹੋਵੇਗਾ, ਜੋ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਹਰੇਕ ਪੱਖ ਨੇ ਇਸ ਸਮਝੌਤੇ ਨੂੰ ਲਾਗੂ ਕਰਨ ਲਈ ਜ਼ਰੂਰੀ ਅੰਦਰੂਨੀ ਪ੍ਰਕਿਰਿਆਵਾਂ ਨੂੰ ਪੂਰਾ ਕਰ ਲਿਆ ਹੈ।

ਬਿਆਨ ਮੁਤਾਬਕ ਗੁਆਨਾ ‘ਚ ਵੱਡੀ ਗਿਣਤੀ ‘ਚ ਭਾਰਤੀ ਮੌਜੂਦ ਹਨ ਅਤੇ 2012 ਦੀ ਜਨਗਣਨਾ ਮੁਤਾਬਕ ਆਬਾਦੀ ਦਾ ਲਗਭਗ 40 ਫ਼ੀਸਦੀ ਹਿੱਸਾ ਸਭ ਤੋਂ ਵੱਡੇ ਜਾਤੀ ਸਮੂਹ ਦਾ ਹੈ। ਗੁਆਨਾ ਨਾਲ ਹਵਾਈ ਸੇਵਾ ਸਮਝੌਤੇ ‘ਤੇ ਦਸਤਖ਼ਤ ਕਰਨ ਨਾਲ ਦੋਹਾਂ ਦੇਸ਼ਾਂ ਵਿਚਾਲੇ ਹਵਾਈ ਸੇਵਾਵਾਂ ਦੀ ਵਿਵਸਥਾ ਲਈ ਇਕ ਰੂਪ ਰੇਖਾ ਤਿਆਰ ਹੋਵੇਗੀ।

ਮੌਜੂਦਾ ਸਮੇਂ ਭਾਰਤ ਸਰਕਾਰ ਅਤੇ ਗੁਆਨਾ ਸਰਕਾਰ ਵਿਚਕਾਰ ਕੋਈ ਹਵਾਈ ਸੇਵਾ ਸਮਝੌਤਾ (ਏ.ਐੱਸ.ਏ.) ਨਹੀਂ ਹੈ। ਭਾਰਤ ਅਤੇ ਗੁਆਨਾ ਗਣਰਾਜ ਵਿਚਕਾਰ ਨਵਾਂ ਹਵਾਈ ਸੇਵਾ ਸਮਝੌਤਾ ਦੋਵਾਂ ਪੱਖਾਂ ਦੀਆਂ ਏਅਰਲਾਈਨਾਂ ਨੂੰ ਵਪਾਰਕ ਮੌਕੇ ਪ੍ਰਦਾਨ ਕਰਦੇ ਹੋਏ ਉੱਨਤ ਅਤੇ ਸਹਿਜ ਸੰਪਰਕ ਲਈ ਇਕ ਸਮਰੱਥ ਵਾਤਾਵਰਣ ਪ੍ਰਦਾਨ ਕਰੇਗਾ।

Leave a Reply