ਸ੍ਰੀ ਚਮਕੌਰ ਸਾਹਿਬ ‘ਚ ਹੋਮਗਾਰਡ ਜਵਾਨ ਦਾ ਕੁੱਟ-ਕੁੱਟ ਕੇ ਕੀਤਾ ਕਤਲ

ਸ੍ਰੀ ਚਮਕੌਰ ਸਾਹਿਬ: ਥਾਣਾ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੀ ਪੁਲਸ ਚੌਂਕੀ ਡੱਲਾ ਦੇ ਪਿੰਡ ਸਾਰੰਗਪੁਰ ਦੇ ਵਾਸੀ ਹੋਮਗਾਰਡ ਜਵਾਨ ਨੂੰ ਪੈਸਿਆਂ ਦੇ ਲੈਣ-ਦੇਣ ਕਾਰਨ ਦੂਜੀ ਧਿਰ ਵੱਲੋਂ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਥਾਣਾ ਸ੍ਰੀ ਚਮਕੌਰ ਸਾਹਿਬ ਦੇ ਐੱਸ. ਐੱਚ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਡੱਲਾ ਦੇ ਬਾਜ਼ਾਰ ਵਿਚ ਕੱਪੜਿਆਂ ਦੀ ਦੁਕਾਨ ਕਰਦਾ ਬਲਵਿੰਦਰ ਸਿੰਘ ਵਾਸੀ ਪਿੰਡ ਮੱਕੋਵਾਲ ਮ੍ਰਿਤਕ ਦਾ ਜਵਾਈ ਹੈ। ਬਲਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੁੱਧਵਾਰ ਮੇਰਾ ਸਹੁਰਾ ਸੁਰਜੀਤ ਸਿੰਘ ਪੰਜਾਬ ਹੋਮਗਾਰਡ ਵਿਚ ਜੀ. ਆਰ. ਪੀ. ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਚ ਡਿਊਟੀ ਕਰਦਾ ਸੀ।

ਉਨ੍ਹਾਂ ਸਵੇਰੇ 9 ਵਜੇ ਮੇਰੇ ਮੋਬਾਇਲ ’ਤੇ ਫੋਨ ਕਰਕੇ ਦੱਸਿਆ ਕਿ ਕਾਕਾ ਸਿੰਘ ਆਪਣੇ ਭਰਾ ਅਤੇ ਹੋਰ ਸਾਥੀਆਂ ਸਮੇਤ ਪਿੰਡ ਮੋਹਣਮਾਜਰੇ ਦੀ ਪੁਲੀ, ਜੋ ਫੱਸਿਆ ਰੋਡ ’ਤੇ ਹੈ, ’ਤੇ ਮੇਰੇ ਨਾਲ ਕੁੱਟਮਾਰ ਕਰ ਰਹੇ ਹਨ। ਬਲਵਿੰਦਰ ਸਿੰਘ ਤੁਰੰਤ ਮੋਟਰਸਾਈਕਲ ’ਤੇ ਉੱਥੇ ਪੁੱਜਾ ਅਤੇ ਜ਼ਖ਼ਮੀ ਸਹੁਰੇ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਹਸਪਤਾਲ ਵਿਚ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬਲਵਿੰਦਰ ਨੇ ਦੱਸਿਆ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਤੋਂ ਮੇਰੇ ਸਹੁਰੇ ਨੇ ਪੈਸੇ ਲੈਣੇ ਸਨ ਪਰ ਉਹ ਦੇ ਨਹੀਂ ਰਹੇ ਸਨ। ਪੁਲਸ ਨੇ ਮ੍ਰਿਤਕ ਦੇ ਜਵਾਈ ਦੇ ਬਿਆਨਾਂ ਦੇ ਆਧਾਰ ’ਤੇ ਉਪਰੋਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

error: Content is protected !!