ਛੇ ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਸ਼ੱਕੀ ਹਾਲਤ ‘ਚ ਮੌਤ

ਅਬੋਹਰ : ਪਿੰਡ ਖਾਟਵਾਂ ਦੀ ਰਹਿਣ ਵਾਲੀ ਅਤੇ ਢਾਣੀ ਸ਼ਫੀ ਵਿਚ ਵਿਆਹੁਤਾ ਦੀ ਸ਼ੱਕੀ ਹਾਲਤ ‘ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਖਾਟਵਾਂ ਵਾਸੀ ਸੰਧਿਆ (22) ਪੁੱਤਰੀ ਮਾਂਗੀ ਰਾਮ ਦੀ ਸ਼ਾਦੀ ਕਰੀਬ 6 ਮਹੀਨੇ ਪਹਿਲਾਂ ਢਾਣੀ ਸ਼ਫੀ ਵਾਸੀ ਸਤਪਾਲ ਨਾਲ ਹੋਈ ਸੀ। ਮ੍ਰਿਤਕਾ ਦੇ ਪਤੀ ਸਤਪਾਲ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 3 ਵਜੇ ਜਦ ਉਹ ਬਾਥਰੂਮ ਲਈ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਸਦੀ ਪਤਨੀ ਦੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ। ਜਿਸ ਤੋਂ ਬਾਅਦ ਉਸਨੇ ਤੁਰੰਤ ਪਰਿਵਾਰ ਵਾਲਿਆਂ ਦੀ ਮਦਦ ਨਾਲ ਉਸ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਉਪਰੰਤ ਉਸਨੇ ਇਸ ਗੱਲ ਦੀ ਸੂਚਨਾ ਸੰਧਿਆ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ। ਇੱਧਰ ਜਾਂਚ ਦੌਰਾਨ ਸੰਧਿਆ ਕੋਲੋਂ ਇਕ ਸ਼ੀਸ਼ੀ ਵੀ ਮਿਲੀ ਹੈ।

ਹਸਪਤਾਲ ਵਿਚ ਪਹੁੰਚੇ ਮ੍ਰਿਤਕਾ ਦੇ ਪਿਤਾ ਮਾਂਗੀ ਰਾਮ ਅਤੇ ਭਰਾ ਹਰਮਨ ਨੇ ਕਥਿਤ ਤੌਰ ’ਤੇ ਦੱਸਿਆ ਕਿ 6 ਮਹੀਨੇ ਪਹਿਲਾਂ ਉਨ੍ਹਾਂ ਦੀ ਕੁੜੀ ਦਾ ਵਿਆਹ ਸਤਪਾਲ ਨਾਲ ਹੋਈ ਸੀ ਪਰ ਵਿਆਹ ਬਾਅਦ ਸਤਪਾਲ ਸਿੰਘ ਲਗਾਤਾਰ ਉਨ੍ਹਾਂ ਨੂੰ ਦਾਜ ਵਿਚ ਮੋਟਰਸਾਈਕਲ ਦੇਣ ਦੀ ਮੰਗ ਕਰ ਰਿਹਾ ਸੀ ਅਤੇ ਇਸੇ ਦੇ ਚੱਲਦਿਆਂ ਉਹ ਉਨ੍ਹਾਂ ਦੀ ਕੁੜੀ ਨਾਲ ਅਕਸਰ ਕੁੱਟਮਾਰ ਵੀ ਕਰਦਾ ਸੀ। ਬੀਤੀ ਰਾਤ ਵੀ ਸੰਧਿਆਂ ਨੇ ਕਰੀਬ 10 ਵਜੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਉਸਦੇ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਜਿਸ ਤੋਂ ਉਨ੍ਹਾਂ ਦੀ ਸੰਧਿਆ ਨਾਲ ਕੋਈ ਗੱਲ ਨਹੀਂ ਹੋਈ ਅਤੇ ਸਵੇਰੇ 5 ਵਜੇ ਸੰਧਿਆ ਦੇ ਪਤੀ ਨੇ ਉਨ੍ਹਾਂ ਨੂੰ ਫੋਨ ’ਤੇ ਸੂਚਨਾ ਦਿੱਤੀ ਕਿ ਸੰਧਿਆ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ।

ਪਰਿਵਾਰ ਵਾਲਿਆਂ ਨੇ ਕਥਿਤ ਤੌਰ ’ਤੇ ਦੋਸ਼ ਲਾਇਆ ਕਿ ਸੰਧਿਆ ਦੇ ਪਤੀ, ਸੱਸ ਅਤੇ ਸਹੁਰੇ ਨੇ ਹੀ ਦਾਜ ਦੀ ਖ਼ਾਤਰ ਉਨ੍ਹਾਂ ਦੀ ਕੁੜੀ ਦਾ ਕਤਲ ਕੀਤਾ ਹੈ। ਥਾਣਾ ਮੁਖੀ ਪਰਮਜੀਤ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਬਾਅਦ ਹੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply