ਹਰੀ ਊਰਜਾ ਵਿੱਚ ਭਾਰਤ ਦੀ ਸਮਰੱਥਾ ‘ਸੋਨੇ ਦੀ ਖਾਨ’ ਤੋਂ ਘੱਟ ਨਹੀਂ : ਪ੍ਰਧਾਨ ਮੰਤਰੀ

ਨਵੀਂ ਦਿੱਲੀ: ਹਰੀ ਊਰਜਾ ਖੇਤਰ ਵਿੱਚ ਨਿਵੇਸ਼ ਦਾ ਸੱਦਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੀ ਨਵਿਆਉਣਯੋਗ ਊਰਜਾ ਸਮਰੱਥਾ ਕਿਸੇ ਸੋਨੇ ਦੀ ਖਾਨ ਤੋਂ ਘੱਟ ਨਹੀਂ ਹੈ। ਹਰੇ ਵਿਕਾਸ ਦੇ ਸਬੰਧ ਵਿੱਚ ਆਮ ਬਜਟ 2023-24 ਵਿੱਚ ਕੀਤੀਆਂ ਗਈਆਂ ਵੱਖ-ਵੱਖ ਘੋਸ਼ਣਾਵਾਂ ‘ਤੇ ਇੱਕ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਹਰੀ ਊਰਜਾ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਮੈਂ ਸਾਰੇ ਹਿੱਸੇਦਾਰਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹਾਂ।”

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਸੂਰਜੀ, ਪੌਣ ਊਰਜਾ ਅਤੇ ਬਾਇਓਗੈਸ ਵਰਗੀ ਨਵਿਆਉਣਯੋਗ ਊਰਜਾ ਦੀ ਸੰਭਾਵਨਾ ਸੋਨੇ ਦੀ ਖਾਨ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਾਰਾ ਧਿਆਨ ਬਾਇਓ-ਇੰਧਨ ‘ਤੇ ਕੇਂਦਰਿਤ ਹੈ ਅਤੇ ਨਿਵੇਸ਼ਕਾਂ ਲਈ ਬੇਅੰਤ ਮੌਕੇ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਭਾਰਤ ਨੇ ਟੀਚੇ ਦੀ ਮਿਤੀ ਤੋਂ ਪੰਜ ਮਹੀਨੇ ਪਹਿਲਾਂ 10 ਫੀਸਦੀ ਈਥਾਨੌਲ ਬਲੇਡਿੰਗ ਦਾ ਟੀਚਾ ਹਾਸਲ ਕਰ ਲਿਆ ਹੈ ਅਤੇ ਇੰਨਾ ਹੀ ਨਹੀਂ, 40 ਫੀਸਦੀ ਗੈਰ-ਜੀਵਾਸ਼ਿਕ ਈਂਧਨ ਸਮਰੱਥਾ ਦਾ ਟੀਚਾ, ਨਿਰਧਾਰਤ ਮਿਤੀ ਤੋਂ 9 ਸਾਲ ਪਹਿਲਾਂ ਹੀ ਹਾਸਲ ਕਰ ਲਿਆ ਗਿਆ ਹੈ।

ਮੋਦੀ ਨੇ ਕਿਹਾ ਕਿ ਸਾਲ 2014 ਤੋਂ ਬਾਅਦ ਆਏ ਸਾਰੇ ਬਜਟਾਂ ‘ਚ ਨਾ ਸਿਰਫ ਮੌਜੂਦਾ ਚੁਣੌਤੀਆਂ ਨੂੰ ਧਿਆਨ ‘ਚ ਰੱਖਿਆ ਗਿਆ, ਸਗੋਂ ਨਵੇਂ ਦੌਰ ਦੇ ਸੁਧਾਰਾਂ ਨੂੰ ਵੀ ਅੱਗੇ ਲਿਆਇਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਦਾ ਸਲਾਨਾ 50 ਲੱਖ ਟਨ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕਰਨ ਦਾ ਟੀਚਾ ਹੈ ਅਤੇ ਨੈਸ਼ਨਲ ਹਾਈਡ੍ਰੋਜਨ ਮਿਸ਼ਨ ਤਹਿਤ ਨਿੱਜੀ ਖੇਤਰ ਨੂੰ 19,000 ਕਰੋੜ ਰੁਪਏ ਦਾ ਪ੍ਰੋਤਸਾਹਨ ਦਿੱਤਾ ਗਿਆ ਹੈ।

ਇਸ ਵੈਬੀਨਾਰ ਵਿੱਚ ਉਨ੍ਹਾਂ ਨੇ ਵਾਹਨਾਂ ਨੂੰ ਸਕਰੈਪ ਵਿੱਚ ਤਬਦੀਲ ਕਰਨ ਲਈ ਆਮ ਬਜਟ ਵਿੱਚ 3000 ਕਰੋੜ ਰੁਪਏ ਦੇ ਉਪਬੰਧ ਅਤੇ 15 ਸਾਲ ਤੋਂ ਵੱਧ ਪੁਰਾਣੇ ਕਰੀਬ ਤਿੰਨ ਲੱਖ ਸਰਕਾਰੀ ਵਾਹਨਾਂ ਨੂੰ ਸਕਰੈਪ ਵਿੱਚ ਤਬਦੀਲ ਕਰਨ ਦੇ ਫੈਸਲੇ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਬੈਟਰੀ ਸਟੋਰੇਜ ਸਮਰੱਥਾ ਨੂੰ 125 ਗੀਗਾਵਾਟ ਤੱਕ ਵਧਾਉਣ ਦੀ ਲੋੜ ਹੈ।

Leave a Reply