ਪੁੱਛਦੇ ਓ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ

ਜਸਬੀਰ ਸਿੰਘ ਕੰਗਣਵਾਲ਼

ਮਨੁੱਖ ਨੂੰ ਸੋਝੀ ਆਈ ਤਾਂ ਉਸ ਨੇ ਆਪਣੀ ਗੱਲ ਦੂਸਰਿਆਂ ਨੂੰ ਇਸ਼ਾਰਿਆਂ ਨਾਲ ਸਮਝਾਉਣੀ ਸ਼ੁਰੂ ਕੀਤੀ। ਬੁੱਧੀ ਵਿਕਸਿਤ ਹੋਣ ਨਾਲ ਇਸ਼ਾਰਿਆਂ ਦੀ ਥਾਂ ਕੁਝ ਬੋਲ ਹੋਂਦ ਵਿੱਚ ਆਉਣ ਲੱਗੇ। ਹੌਲ਼ੀ-ਹੌਲ਼ੀ ਪੂਰਨ ਰੂਪ ਵਿੱਚ ਇਸ਼ਾਰਿਆਂ ਦੀ ਥਾਂ ਬੋਲਾਂ ਨੇ ਲੈ ਲਈ। ਇਹ ਬੋਲ ਹੀ ਬੋਲੀ ਅਖਵਾਏ। ਦੁਨੀਆਂ ਵਿੱਚ ਹਰ ਸੱਭਿਅਤਾ ਤੇ ਹਰ ਸੱਭਿਅਤਾ ਦੇ ਹਰ ਖਿੱਤੇ ਵਿੱਚ ਵੱਖ-ਵੱਖ ਬੋਲਾਂ ਨੇ ਜਨਮ ਲਿਆ। ਫਲਸਰੂਪ ਦੁਨੀਆਂ ਭਰ ਵਿੱਚ ਅਨੇਕਾਂ ਵੱਖੋ-ਵੱਖਰੀਆਂ ਬੋਲੀਆਂ ਹੋਂਦ ਵਿੱਚ ਆਈਆਂ।

ਕੁਦਰਤ ਨੇ ਬੋਲਣ ਦਾ ਹੁਨਰ ਸਿਰਫ਼ ਮਨੁੱਖ ਨੂੰ ਹੀ ਨਹੀਂ ਦਿੱਤਾ ਸਗੋਂ ਸਾਰੇ ਜਾਨਵਰ-ਪੰਛੀ ਵੀ ਆਪੋ-ਆਪਣੇ ਬੋਲ ਬੋਲਦੇ ਹਨ। ਇਹ ਗੱਲ ਵੱਖਰੀ ਹੈ ਕਿ ਇੱਕ ਕਿਸਮ ਦੇ ਜੀਵਾਂ ਦੀ ਬੋਲੀ ਦੂਜੇ ਜੀਵਾਂ ਨੂੰ ਸਮਝ ਨਹੀਂ ਪੈਂਦੀ ਤੇ ਉਹ ਸਿਰਫ਼ ‘ਰੌਲ਼ਾ ਪਾਉਂਦੇ’ ਹੀ ਪ੍ਰਤੀਤ ਹੁੰਦੇ ਹਨ। ਜੇ ਸਾਡੇ ਕੋਲ ਬੋਲਾਂ-ਸ਼ਬਦਾਂ ਦੇ ਵੱਡੇ ਭੰਡਾਰ ਹਨ ਤਾਂ ਵੱਖ-ਵੱਖ ਸਥਿਤੀਆਂ ਵਿੱਚ ਪੰਛੀਆਂ-ਜਾਨਵਰਾਂ ਦੇ ਬੋਲਣ ਦੀ ਲੈਅ ਤੇ ਤਰੀਕਾ ਉਨ੍ਹਾਂ ਦੇ ਵੱਖ-ਵੱਖ ਬੋਲ ਬਣਦੇ ਪ੍ਰਤੀਤ ਹੁੰਦੇ ਹਨ। ਕਦੇ ਕਾਂ ਨੂੰ ਧਿਆਨ        ਨਾਲ ਸੁਣੋ। ਉਹ ਸਥਿਤੀ ਅਨੁਸਾਰ ਅਨੇਕ ਕਿਸਮ ਦੀ ਲੈਅ ਵਿੱਚ ‘ਕਾਂ-ਕਾਂ’ ਕਰਦਾ ਅਤੇ ਆਪਣੇ ਸਾਥੀਆਂ ਨੂੰ ਸੰਕੇਤ ਦਿੰਦਾ ਹੈ। ਜੋ ਸਾਨੂੰ ਸਿਰਫ਼ ‘ਕਾਂ-ਕਾਂ’ ਜਾਪਦੀ ਹੈ, ਅਸਲ ਵਿੱਚ ਇਹ ਉਸ ਦੇ ਵੱਖ-ਵੱਖ ਬੋਲ ਹਨ। ਇਹੀ ਵਰਤਾਰਾ ਸਭ ਪਾਸੇ ਹੈ। ਹੋ ਸਕਦਾ ਹੈ ਕਿ ਦੂਜੇ ਜੀਵਾਂ ਨੂੰ ਸਾਡੇ ਬੋਲ ਵੀ ਸਿਰਫ਼ ‘ਰੌਲ਼ਾ’ ਹੀ ਪ੍ਰਤੀਤ ਹੁੰਦੇ ਹੋਣ। ਕਿਸੇ ਪੰਛੀ ਦੀ ਆਵਾਜ਼ ਕੰਨੀਂ ਪੈਂਦਿਆਂ ਹੀ ਅਸੀਂ ਤੁਰੰਤ ਉਸ ਨੂੰ ਪਛਾਣ ਲੈਂਦੇ ਹਾਂ; ਭਾਵੇਂ ਕਿ ਪੰਛੀ ਸਾਨੂੰ ਨਜ਼ਰੀਂ ਨਾ ਵੀ ਪਵੇ। ਅਸਲ ਵਿੱਚ ਬੋਲੀ ਹਰ ਪ੍ਰਾਣੀ ਦੀ ਮੁੱਢਲੀ ਪਛਾਣ ਹੈ।

ਇਸ ਸਮੇਂ ਦੁਨੀਆਂ ਭਰ ਵਿੱਚ ਮਨੁੱਖ ਵੱਲੋਂ ਸੱਤ ਹਜ਼ਾਰ ਤੋਂ ਵਧੇਰੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਬੋਲੀ ਹੀ ਨਹੀਂ, ਇਨ੍ਹਾਂ ਨੂੰ ਲਿਖਣ ਲਈ ਵਰਤੇ ਜਾਂਦੇ ਚਿੰਨ੍ਹ ਭਾਵ ਲਿੱਪੀ ਵੀ ਵਿਲੱਖਣ ਹੈ। ਪਹਿਲਾਂ-ਪਹਿਲ ਇਹ ਲਿੱਪੀਆਂ ਚਿਤਰਮਈ ਤੇ ਸੰਕੇਤਕ ਰੂਪ ਵਿੱਚ ਸਨ ਜਿਸ ਨੂੰ ਹੇਅਰੋ-ਗਲਿੱਫ ਕਿਹਾ ਗਿਆ। ਇਨ੍ਹਾਂ ਪੁਰਾਤਨ ਲਿੱਪੀਆਂ ’ਚੋਂ ਮਿਸਰ ਦੀ ਲਿੱਪੀ ਵਰਣਨਯੋੋਗ ਹੈ ਜਿਸ ਦੇ ਵਧੇਰੇ ਚਿੰਨ੍ਹਾਂ ਦੀ ਪਛਾਣ ਹੋ ਚੁੱਕੀ ਹੈ। ਸਾਡੀ ਸਿੰਧੂ ਘਾਟੀ ਦੀ ਸੱਭਿਅਤਾ ਦੀ ਵਿਲੱਖਣ ਲਿੱਪੀ ਹੜੱਪਨ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੇਸ਼ੱਕ ਇੱਕ ਦੇਸ਼, ਰਾਜ ਜਾਂ ਇਲਾਕੇ ਵਿੱਚ ਬੋਲੀਆਂ ਜਾਣ ਵਾਲੀਆਂ ਵੱਖ-ਵੱਖ ਬੋਲੀਆਂ ਵਿੱਚ ਕੁਝ ਸਮਾਨਤਾਵਾਂ ਵੀ ਹੋਣ, ਫਿਰ ਵੀ ਹਰ ਬੋਲੀ ਵਿਲੱਖਣ ਹੈ। ਬੋਲੀ ਸਿਰਫ਼ ਕਿਸੇ ਵਿਸ਼ੇਸ਼ ਵਰਗ ਜਾਂ ਖਿੱਤੇ ਦੇ ਲੋਕਾਂ ਦੇ ਬੋਲ ਹੀ ਨਹੀਂ ਹੁੰਦੇ ਸਗੋਂ ਇਸ ਦੇ ਬੋਲ ਤੇ ਲਹਿਜਾ ਉੱਥੋਂ ਦੇ ਲੋਕਾਂ ਦੇ ਸੁਭਾਅ ਨੂੰ ਵੀ ਰੂਪਮਾਨ ਕਰਦੇ ਹਨ।

ਇਨ੍ਹਾਂ ’ਚੋਂ ਸਾਡੀ ਪੰਜਾਬੀ ਇੱਕ ਅਮੀਰ ਵਿਰਸੇ ਵਾਲੀ ਤੇ ਮਾਣਮੱਤੀ ਬੋਲੀ ਹੈ। ਗੁਰਬਾਣੀ, ਸੂਫ਼ੀ ਕਾਵਿ, ਕਿੱਸਾ ਕਾਵਿ ਅਤੇ ਅਜੋਕੇ ਸਮੇਂ ਦੇ ਭਾਈ ਵੀਰ ਸਿੰਘ, ਪ੍ਰੋ. ਮੋਹਣ ਸਿੰਘ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਸੁਰਜੀਤ ਪਾਤਰ ਤੇ ਨਰਿੰਦਰ ਸਿੰਘ ਕਪੂਰ ਜਿਹੇ ਸਾਹਿਤਕਾਰ ਇਸ ਦੀ ਅਧਿਆਤਮਕਤਾ, ਸਿਰਜਨਾਤਮਕਤਾ ਤੇ ਸਾਹਿਤਕ ਅਮੀਰੀ ਨੂੰ ਪੇਸ਼ ਕਰਦੇ ਹਨ। ਇਸ ਦੇ ਬੋਲਾਂ ’ਚ ਮਿਠਾਸ ਤੇ ਭਰਪੂਰ ਅਪਣੱਤ ਝਲਕਦੀ ਹੈ। ਇਨ੍ਹਾਂ ਦੇ ਬੋਲ ਤੇ ਲਹਿਜਾ ਪੰਜਾਬੀ ਲੋਕਾਂ ਦੇ ਸੁਭਾਅ ਨੂੰ ਸਹਿਜੇ ਹੀ ਉਘਾੜਦੇ ਹਨ। ‘ਜਿਹਾ ਬੋਲੋ-ਤਿਹਾ ਲਿਖੋ’ ਪੰਜਾਬੀ ’ਚ ਅਸਾਨ ਤੇ ਸੰਭਵ ਹੈ। ਇਹਦੇ ਅਮੁੱਕ ਸ਼ਬਦ ਭੰਡਾਰ ’ਚੋਂ ਹਰ ਰਿਸ਼ਤੇ, ਵਸਤੂ ਤੇ ਭਾਵ ਆਦਿ ਲਈ ਸ਼ਬਦ ਮਿਲ਼ ਜਾਂਦੇ ਹਨ।

ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿੱਚ ਤਕਰੀਬਨ 13 ਕਰੋੜ ਲੋਕ ਪੰਜਾਬੀ ਬੋਲਦੇ ਹਨ। 2011 ਦੀ ਮਰਦਮਸ਼ੁਮਾਰੀ ਅਨੁਸਾਰ ਉਦੋਂ ਭਾਰਤੀ ਪੰਜਾਬ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਤਾਦਾਦ ਸਾਢੇ ਤਿੰਨ ਕਰੋੜ ਤੋਂ ਵਧੇਰੇ ਸੀ। ਜਦੋਂਕਿ ਪਾਕਿਸਤਾਨ ਵਿਚ 2008 ਦੀ ਮਰਦਮਸ਼ੁਮਾਰੀ ਅਨੁਸਾਰ ਇਹ ਤਾਦਾਦ ਸਾਢੇ ਸੱਤ ਕਰੋੜ ਸੀ। ਸੁਭਾਵਿਕ ਹੀ ਅੱਜ ਇਨ੍ਹਾਂ ਅੰਕੜਿਆਂ ਵਿੱਚ ਕੁਝ ਵਾਧਾ ਹੋਇਆ ਹੋਵੇਗਾ। ਇਸ ਸਮੇਂ ਪੰਜਾਬੀ ਨੂੰ ਦੁਨੀਆਂ ਵਿੱਚ ਦਸਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਦਾ ਮਾਣ ਹਾਸਲ ਹੈ। ਭਾਰਤੀ ਪੰਜਾਬ ਵਿੱਚ ਇਹ ਰਾਜ ਭਾਸ਼ਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਗੁਰਮੁਖੀ ਲਿੱਪੀ ਵਿੱਚ ਕੀਤੀ ਗਈ ਹੈ। ਚੜ੍ਹਦੇ ਪੰਜਾਬ ਵਿੱਚ ਪੰਜਾਬੀ ਗੁਰਮੁਖੀ ਤੇ ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਲਿੱਪੀ ਵਿੱਚ ਲਿਖੀ ਜਾਂਦੀ ਹੈ। ਪੰਜਾਬ ਤੋਂ ਬਾਹਰ ਗੁਆਂਢੀ ਰਾਜਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਚੋਖੀ ਗਿਣਤੀ ਮੌਜੂਦ ਹੈ। ਦੇਸ਼ ਹੀ ਨਹੀਂ, ਦੁਨੀਆਂ ਵਿੱਚ ਵੀ ਅੱਜ ਸ਼ਾਇਦ ਹੀ ਕੋਈ ਅਜਿਹਾ ਮੁਲਕ ਹੋਵੇ ਜਿੱਥੇ ਪੰਜਾਬੀ ਬੋਲਣ ਵਾਲੇ ਨਾ ਵਸਦੇ ਹੋਣ। ਕੈਨੇਡਾ ਵਿੱਚ ਬੋਲਣ ਵਾਲਿਆਂ ਦੀ ਗਿਣਤੀ ਦੇ ਪੱਖ ਤੋਂ ਪੰਜਾਬੀ ਤੀਜੇ ਸਥਾਨ ’ਤੇ ਹੈ। ਅਮਰੀਕਾ, ਇੰਗਲੈਂਡ, ਆਸਟਰੇਲੀਆ ਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਵਿੱਚ ਵੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਵਿੱਚ ਮੌਜੂਦ ਹਨ। ਖ਼ੁਸ਼ੀ ਤੇ ਤਸੱਲੀ ਵਾਲੀ ਗੱਲ ਇਹ ਹੈ ਕਿ ਵਿਦੇਸ਼ਾਂ ਵਿੱਚ ਵਸਦੇ ਬਹੁਤੇ ਪੰਜਾਬੀ ਆਪਣੇ ਸੱਭਿਆਚਾਰ ਦੇ ਨਾਲ-ਨਾਲ ਆਪਣੀ ਮਾਂ-ਬੋਲੀ ਪੰਜਾਬੀ ਦੀ ਹੋਂਦ ਨੂੰ ਬਚਾਉਣ ਪ੍ਰਤੀ ਵੀ ਸੰਜੀਦਾ ਹਨ। ਉਹ ਖ਼ੁਦ ਹੀ ਨਹੀਂ ਸਗੋਂ ਆਪਣੇ ਬੱਚਿਆਂ ਨੂੰ ਵੀ ਘੱਟੋ-ਘੱਟ ਘਰ ਵਿੱਚ ਪੰਜਾਬੀ ਵਿੱਚ ਗੱਲ ਕਰਨ ਲਈ ਉਤਸ਼ਾਹਤ ਕਰਦੇ ਹਨ।

ਦੂਜੇ ਪਾਸੇ ਪੰਜਾਬੀ ਦੀ ਆਪਣੀ ਜਨਮ-ਭੂਮੀ ’ਤੇ ਹਾਲਾਤ ਬਹੁਤੇ ਉਤਸ਼ਾਹਜਨਕ ਨਹੀਂ ਹਨ। ਇੱਥੇ ਪੰਜਾਬੀ ਰੁਦਨ ਕਰਦੀ ਦਿਸਦੀ ਹੈ। ਇਸ ਦੇ ਆਪਣੇ ਹੀ ਜਾਇਆਂ ਵੱਲੋਂ ਵਿਸਾਰਨ ਤੇ ਤ੍ਰਿਸਕਾਰਨ ਕਾਰਨ ਇਸ ਦੀ ਇਹ ਵੇਦਨਾ ਦਿਨੋ-ਦਿਨ ਵਧਦੀ ਜਾਪਦੀ ਹੈ। ਇੱਕ ਗੌਰਵਮਈ ਤੇ ਅਮੀਰ ਵਿਰਸਾ ਹੋਣ ਦੇ ਬਾਵਜੂਦ ਪੰਜਾਬੀਆਂ ਦਾ ਆਪਣੀ ਮਾਂ-ਬੋਲੀ ਨੂੰ ਇੰਝ ਵਿਸਾਰਨਾ ਚਿੰਤਾਜਨਕ ਹੈ। ਅੰਗਰੇਜ਼ੀ ਅਤੇ ਹਿੰਦੀ ਪ੍ਰਤੀ ਵਧਦਾ ਹੇਜ ਹੈਰਾਨੀ ਪੈਦਾ ਕਰਦਾ ਹੈ। ਸਾਡੇ ਮਨਾਂ ਵਿੱਚ ਆਪਣੀ ਮਾਂ-ਬੋਲੀ ਪ੍ਰਤੀ ਪੈਦਾ ਹੋ ਰਹੀ ਹੀਣਭਾਵਨਾ ਇਸ ਤੋਂ ਵੀ ਵਧੇਰੇ ਚਿੰਤਾਜਨਕ ਤੇ ਅਫ਼ਸੋਸਜਨਕ ਹੈ।

ਹਾਲਾਤ ਇਹ ਹਨ ਕਿ ਸਾਨੂੰ ਆਪਣੀ ਮਾਂ-ਬੋਲੀ ਬੋਲਣ ਵਿੱਚ ਸ਼ਰਮ ਆਉਣ ਲੱਗੀ ਹੈ, ਘਟੀਆਪਣ ਦਾ ਅਹਿਸਾਸ ਹੋਣ ਲੱਗਾ ਹੈ। ਬੇਸ਼ੱਕ ਪੰਜਾਬੀ ਗੀਤਾਂ ਬਿਨਾਂ ਸਾਡਾ ਕੋਈ ਵਿਆਹ ਜਾਂ ਖ਼ੁਸ਼ੀ ਦਾ ਕੋਈ ਹੋਰ ਸਮਾਗਮ ਅਧੂਰਾ ਹੈ। ਪੰਜਾਬ ਤੋਂ ਬਾਹਰ ਅਸੀਂ ਆਪਣੇ ਆਪ ਨੂੰ ਪੰਜਾਬੀ ਅਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਹਾਂ। ਅੰਗਰੇਜ਼ੀ ’ਤੇ ਸਾਡੇ ਵਿੱਚੋਂ ਬਹੁਤਿਆਂ ਦੀ ਪਕੜ ਬਹੁਤੀ ਮਜ਼ਬੂਤ ਨਹੀਂ। ਇਸ ਲਈ ਅਸੀਂ ਕਿਸੇ ਬੇਗਾਨੇ ’ਤੇ ‘ਪ੍ਰਭਾਵ’ ਪਾਉਣ ਲਈ ਹਿੰਦੀ ’ਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਦਿਸਦੇ ਹਾਂ।

ਇਸ ਸਮੇਂ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਪੰਜਾਬੀ ਬੋਲਣ ਵਿੱਚ ਸਭ ਤੋਂ ਵੱਧ ਸ਼ਰਮ ਮਹਿਸੂਸ ਹੁੰਦੀ ਹੈ। ਬੇਸ਼ੱਕ ਇਨ੍ਹਾਂ ਸਕੂਲਾਂ ਦੇ ਮਾਲਕ, ਅਧਿਆਪਕ ਤੇ ਵਿਦਿਆਰਥੀ ਸਭ ਦੇ ਸਭ ਪੰਜਾਬੀ ਹਨ। ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਬੋਲਣ ’ਤੇ ਅਣਐਲਾਨੀ ਪਾਬੰਦੀ ਹੈ। ਕੁਝ ਨੇ ਤਾਂ ਪੰਜਾਬੀ ਬੋਲਣ ’ਤੇ ਜੁਰਮਾਨੇ ਦੀ ਵਿਵਸਥਾ ਕਰ ਰੱਖੀ ਹੈ। ਕਵੀ ਸੁਰਜੀਤ ਪਾਤਰ ਨੇ ਇਸ ਦਰਦ ਨੂੰ ਬਿਆਨ ਕੀਤਾ ਹੈ:

ਸਭ ਚੀਂ-ਚੀਂ ਕਰਦੀਆਂ ਚਿੜੀਆਂ ਦਾ,

ਸਭ ਕਲ-ਕਲ ਕਰਦੀਆਂ ਨਦੀਆਂ ਦਾ,

ਸਭ ਸ਼ਾਂ-ਸ਼ਾਂ ਕਰਦੇ ਬਿਰਖਾਂ ਦਾ, 

ਆਪਣਾ ਹੀ ਤਰਾਨਾ ਹੁੰਦਾ ਹੈ,

ਪਰ ਸੁਣਿਆ ਹੈ ਇਸ ਧਰਤੀ ’ਤੇ

ਇੱਕ ਐਸਾ ਦੇਸ਼ ਵੀ ਹੈ, ਜਿਸ ਅੰਦਰ, 

ਬੱਚੇ ਜੇ ਆਪਣੀ ਮਾਂ-ਬੋਲੀ ਬੋਲਣ,

ਜੁਰਮਾਨਾ ਹੁੰਦਾ ਹੈ।

ਅਜਿਹੇ ਮਾਹੌਲ ਵਿੱਚ ਪੜ੍ਹਨ-ਪਲ਼ਣ ਵਾਲੇ ਬੱਚੇ ਸੁਭਾਵਿਕ ਹੀ ਘਰ ਆ ਕੇ ਵੀ ਹਿੰਦੀ ਬੋਲਦੇ ਹਨ। ਇਸ ਤੋਂ ਵੀ ਦੁਖਦਾਈ ਪਹਿਲੂ ਇਹ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚਿਆਂ ਦੇ ਮਾਪੇ ਘਰ ਵਿੱਚ ਆਪਣੇ ਬੱਚਿਆਂ ਨੂੰ ਪੰਜਾਬੀ ਵਿੱਚ ਗੱਲ ਕਰਨ ਲਈ ਉਤਸ਼ਾਹਿਤ ਕਰਨ ਦੀ ਬਜਾਏ ਖ਼ੁਦ ਵੀ ਉਨ੍ਹਾਂ ਨਾਲ ਹਿੰਦੀ ’ਚ ਗੱਲ ਕਰਨ ਲੱਗਦੇ ਹਨ। ਨਤੀਜਾ ਇਹ ਨਿਕਲ ਰਿਹਾ ਹੈ ਕਿ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਦੇ ਸ਼ਬਦ ਬੜੀ ਤੇਜ਼ੀ ਨਾਲ ਪੰਜਾਬੀ ਦੇ ਸ਼ਬਦਾਂ ਦੀ ਥਾਂ ਲੈ ਰਹੇ ਹਨ ਤੇ ਪੰਜਾਬੀ ਦੇ ਸ਼ਬਦ ਹਰ ਪਲ ਲੋਪ ਹੁੰਦੇ ਜਾ ਰਹੇ ਹਨ। ਇੱਥੇ ਇਹ ਗੱਲ ਯਾਦ ਰੱਖਣਯੋਗ ਹੈ ਕਿ ਅੱਜ ਦੀ ਪੀੜ੍ਹੀ ਦੀ ਬੋਲੀ ਅਗਲੀ ਪੀੜ੍ਹੀ ਦੀ ਮਾਂ-ਬੋਲੀ ਬਣ ਜਾਂਦੀ ਹੈ।

ਬੇਸ਼ੱਕ ਕਿਸੇ ਬੋਲੀ ਨੂੰ ਕਿਸੇ ਦਾਇਰੇ ਜਾਂ ਘੇਰੇ ਵਿੱਚ ਸੀਮਿਤ ਕਰਨਾ ਨਾ ਤਾਂ ਸੰਭਵ ਹੈ ਤੇ ਨਾ ਹੀ ਦਰੁਸਤ। ਪਰ ਸਿੱਖਾਂ ਦਾ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਵਿੱਚ ਰਚਿਤ ਹੋਣ ਕਰਕੇ ਸਿੱਖ ਧਰਮ ਦਾ ਭਵਿੱਖ ਪੰਜਾਬੀ ਭਾਸ਼ਾ ਦੀ ਹੋਂਦ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਪੰਜਾਬੀ ਤੋਂ ਵਿਹੂਣੀਆਂ ਹੋਈਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਗੁਰੂ ਗ੍ਰੰਥ ਸਾਹਿਬ ਸ਼ਾਇਦ ਬਿਲਕੁਲ ਉਸੇ ਤਰ੍ਹਾਂ ਪੜ੍ਹਨੇ ਅਸੰਭਵ ਹੋਣਗੇ ਜਿਵੇਂ ਅੱਜ ਆਮ ਲੋਕਾਂ ਲਈ ਸੰਸਕ੍ਰਿਤ ਵਿੱਚ ਲਿਖੇ ਗ੍ਰੰਥ ਹਨ। ਅਜਿਹੀ ਹਾਲਤ ਵਿੱਚ ਗੁਰਬਾਣੀ ਨੂੰ ਸਮਝਣਾ ਤਾਂ ਦੂਰ ਦੀ ਕੌਡੀ ਹੋਵੇਗਾ। ਉਹ ਗੁਰਬਾਣੀ ਤੋਂ ਹੀ ਨਹੀਂ, ਆਪਣੇ ਮਾਣਮੱਤੇ ਇਤਿਹਾਸ ਤੇ ਸੱਭਿਆਚਾਰ ਤੋਂ ਵੀ ਟੁੱਟ ਜਾਣਗੀਆਂ।

ਅਸੀਂ ਲਗਭਗ ਦੋ ਸਦੀਆਂ ਅੰਗਰੇਜ਼ੀ ਸਾਮਰਾਜ ਦੀ ਅਧੀਨਗੀ ’ਚ ਰਹੇ ਹਾਂ। ਪੌਣੀ ਸਦੀ ਪਹਿਲਾਂ ਇਹ ਸਾਮਰਾਜੀ ਕਿਲ੍ਹਾ ਢਹਿ ਜਾਣ ਦੇ ਬਾਵਜੂਦ ਉਸ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਤੇ ਧਾਰਮਿਕ ਪ੍ਰਭਾਵ ਦੇ ਨਾਲ-ਨਾਲ ਮਾਨਸਿਕ ਅਸਰ ਅੱਜ ਵੀ ਅਦਿੱਖ ਰੂਪ ਵਿੱਚ ਕਿਤੇ ਨਾ ਕਿਤੇ ਮੌਜੂਦ ਹੈ। ਸਾਡੀ ਸਿੱਖਿਆ ਪ੍ਰਣਾਲ਼ੀ ਅੱਜ ਵੀ ਇਸ ਤੋਂ ਅਸਰਅੰਦਾਜ਼ ਹੈ। ਅੰਗਰੇਜ਼ੀ ਦੇ ਇੱਕ ਕੌਮਾਂਤਰੀ ਭਾਸ਼ਾ ਹੋਣ ਦੇ ਪ੍ਰਭਾਵ ਤੇ ਉੱਚ-ਸਿੱਖਿਆ ਦਾ ਮਾਧਿਅਮ ਹੋਣ ਕਾਰਨ ਅੰਗਰੇਜ਼ੀ ਦੇ ਪ੍ਰਭਾਵ ਤੋਂ ਮੁੁਕਤ ਹੋਣਾ ਮੁਸ਼ਕਿਲ ਜਾਪਦਾ ਹੈ। ਇਸ ਤੋਂ ਇਲਾਵਾ ਸਾਡੀ ਅੱਜ ਦੀ ਪੀੜ੍ਹੀ ਦੀ ਵਿਦੇਸ਼ ਜਾਣ ਦੀ ਹੋੜ ਵੀ ਕਿਤੇ ਨਾ ਕਿਤੇ ਅੰਗਰੇਜ਼ੀ ਦੇ ਪ੍ਰਭਾਵ ਨੂੰ ਬਰਕਰਾਰ ਰੱਖਣ ਵਿੱਚ ਰੋਲ ਅਦਾ ਕਰ ਰਹੀ ਹੈ। ਸਾਡੇ ਦੇਸ਼ ਵਿੱਚ ਵੱਡੇ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ, ਹੇਠਲੇ ਪੱਧਰ ਦੀਆਂ ਸੁੱਖ-ਸਹੂਲਤਾਂ ਤੇ ਅਸੁਰੱਖਿਆ ਦੀ ਭਾਵਨਾ ਕਾਰਨ ਪੈਦਾ ਹੋਏ ਹੀਣ-ਭਾਵ ਨੇ ਵੀ ਕਿਤੇ ਨਾ ਕਿਤੇ ਸਾਡੇ ਸਵੈ-ਮਾਣ ਨੂੰ ਸੱਟ ਮਾਰੀ ਹੈ।

ਸ਼ਾਇਦ ਇਹੀ ਕਾਰਨ ਹੈ ਕਿ ਅੱਜ ਸਾਡੇ ਦੇਸੀ ਮਹੀਨਿਆਂ ਦੇ ਨਾਂ ਲਗਭਗ ਸਭ ਨੂੰ ਭੁੱਲ ਗਏ ਹਨ। ਪੰਜਾਬੀ ਵਿੱਚ ਦਿਨਾਂ ਦੇ ਨਾਂ, ਗਿਣਤੀ, ਪਹਾੜੇ ਤੇ ਫਲ਼ਾਂ ਦੇ ਨਾਂ ਅਲੋਪ ਹੋਣ ਵੱਲ ਵਧ ਰਹੇ ਹਨ। ਅੰਗਰੇਜ਼ੀ ਸਕੂਲਾਂ ਦੇ ਪਾੜ੍ਹੇ ਫੋਨ ਨੰਬਰ ਤੱਕ ਪੰਜਾਬੀ ’ਚ ਦੱਸ ਜਾਂ ਸਮਝ ਨਹੀਂ ਸਕਦੇ।

ਹਿੰਦੀ ਭਾਰਤ ਵਿੱਚ ਤਕਰੀਬਨ ਪੰਜਾਹ ਫ਼ੀਸਦੀ ਵਸੋਂ ਵੱਲੋਂ ਬੋਲੀ ਤੇ ਸਮਝੀ ਜਾਣ ਵਾਲੀ ਭਾਸ਼ਾ ਹੈ। ਹਿੰਦੀ ਟੀ.ਵੀ./ਰੇਡੀਓ ਚੈਨਲ ਸਾਰੇ ਦੇਸ਼ ਵਿੱਚ ਦੇਖੇ/ਸੁਣੇ ਜਾਂਦੇ ਹਨ। ਇਹ ਪੰਜਾਬ ਵਿੱਚ ਮੈਟ੍ਰਿਕ ਤੱਕ ਲਾਜ਼ਮੀ ਵਿਸ਼ਿਆਂ ਵਿੱਚ ਸ਼ਾਮਿਲ ਹੈ। ਇਸ ਦਾ ਗਿਆਨ ਹੋਣਾ ਜ਼ਰੂਰੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਈ ਵੀ ਭਾਸ਼ਾ ਮਾੜੀ ਨਹੀਂ ਤੇ ਨਾ ਹੀ ਕਿਸੇ  ਭਾਸ਼ਾ ਨੂੰ ਸਿੱਖਣਾ ਮਾੜਾ ਹੈ। ਵਧੇਰੇ ਭਾਸ਼ਾਵਾਂ ਦਾ ਗਿਆਨ ਮਨੁੱਖ ਦੇ ਗਿਆਨ ਦੇ ਦਾਇਰੇ ਨੂੰ ਵਿਸ਼ਾਲ ਬਣਾਉਂਦਾ ਹੈ, ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਭਾਸ਼ਾ ਆਪਣੀ ਮਾਤ-ਭਾਸ਼ਾ ਦੀ ਕੀਮਤ ’ਤੇ ਸਿੱਖੀ ਜਾਵੇ। ਇਹ ਹੋਰ ਵੀ ਚਿੰਤਾਜਨਕ ਹੋ ਜਾਂਦਾ ਹੈ ਜਦੋਂ ਇਹ ਆਪਣੇ ਘਰ ਵਿੱਚ ਹੀ ਮਾਤ-ਭਾਸ਼ਾ ਦੀ ਥਾਂ ਲੈਣ ਲੱਗੇ।

ਇਸ ਸੰਦਰਭ ਵਿੱਚ ਇਹ ਚਿੰਤਾਜਨਕ ਇਸ ਕਰਕੇ ਹੈ ਕਿਉਂਕਿ ਹਿੰਦੀ ਭਾਸ਼ਾ ਦੇ ਸ਼ਬਦ ਪੰਜਾਬੀ ਦੇ ਸ਼ਬਦਾਂ ਨਾਲ ਮੇਲ ਖਾਣ ਤੇ ਅਰਥੀ ਤੌਰ ’ਤੇ ਨੇੜੇ ਹੋਣ ਕਾਰਨ ਅਚੇਤ ਰੂਪ ਵਿੱਚ ਬੜੀ ਤੇਜ਼ੀ ਨਾਲ ਪੰਜਾਬੀ ਦੇ ਸ਼ਬਦਾਂ ਨੂੰ ਨਿਗਲ ਰਹੇ ਹਨ। ਗੱਲ ਕੀ, ਅੰਗਰੇਜ਼ੀ ਤੇ ਹਿੰਦੀ ਤੋਂ ਪੰਜਾਬੀ ਨੂੰ ਬਰਾਬਰ ਮਾਰ ਪੈ ਰਹੀ ਹੈ।

ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਬੱਚਾ ਮੁੱਢਲੀ ਸਿੱਖਿਆ ਆਪਣੀ ਮਾਤ-ਭਾਸ਼ਾ ਵਿੱਚ ਆਸਾਨੀ ਨਾਲ ਤੇ ਬਿਨਾਂ ਕਿਸੇ ਦਬਾਅ ਤੋਂ ਗ੍ਰਹਿਣ ਕਰ ਸਕਦਾ ਹੈ। ਜਰਮਨੀ, ਫਰਾਂਸ ਤੇ ਚੀਨ ਵਰਗੇ ਮੁਲਕ ਆਪਣੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਆਪਣੀ ਮਾਤ-ਭਾਸ਼ਾ ਵਿੱਚ ਹੀ ਦਿੰਦੇ ਹਨ, ਪਰ ਅਸੀਂ ਪਤਾ ਨਹੀਂ ਕਿਉਂ ਆਪਣੇ ਬੱਚਿਆਂ ਨੂੰ ਦੂਹਰੇ ਭਾਰ ਹੇਠ ਦੱਬਿਆ ਹੋਇਆ ਹੈ। ‘ਮੇਰਾ ਦਾਗਿਸਤਾਨ’ ਦਾ ਲੇਖਕ ਰਸੂਲ ਹਮਜ਼ਾਤੋਵ ਕਹਿੰਦਾ ਹੈ ਕਿ ਉਸ ਦੇ ਦੇਸ਼ ਵਿੱਚ ਜੇ ਕਿਸੇ ਨੂੰ ਵੱਡੀ ਬਦ-ਦੁਆ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ, ‘‘ਰੱਬ ਕਰੇ ਤੈਨੂੰ ਆਪਣੀ ਮਾਂ-ਬੋਲੀ ਭੁੱਲ ਜਾਵੇ!’’ ਸਮਝ ਨਹੀਂ ਆਉਂਦੀ ਅਸੀਂ ਕਿਸ ਦੀ ਬਦ-ਦੁਆ ਦਾ ਸ਼ਿਕਾਰ ਹਾਂ!

ਯੂਨੈਸਕੋ ਅਨੁਸਾਰ ਦੁਨੀਆਂ ਦੀਆਂ ਤਕਰੀਬਨ 1500 ਭਾਸ਼ਾਵਾਂ ’ਤੇ ਇਸ ਸਦੀ ਦੇ ਅੰਤ ਤੱਕ ਖ਼ਤਮ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਇਨ੍ਹਾਂ ਵਿੱਚ ਭਾਰਤ ਦੀਆਂ 197 ਭਾਸ਼ਾਵਾਂ ਸ਼ਾਮਿਲ ਹਨ। 42 ਗੰਭੀਰ ਖ਼ਤਰੇ ਦਾ ਸ਼ਿਕਾਰ ਹਨ।

ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਭਾਸ਼ਾ ਵਿਭਾਗ ਦੇ ਨਾਲ-ਨਾਲ 1960 ਵਿੱਚ ਪੰਜਾਬ ਰਾਜ ਭਾਸ਼ਾ ਕਾਨੂੰਨ ਬਣਿਆ ਜਿਸ ਅਧੀਨ ਸਰਕਾਰੀ ਚਿੱਠੀ-ਪੱਤਰ     ਪੰਜਾਬੀ ’ਚ ਕਰਨਾ ਲਾਜ਼ਮੀ ਕੀਤਾ ਗਿਆ। ਇਸ ਕਾਨੂੰਨ ਵਿੱਚ ਪਹਿਲਾਂ 1967 ਵਿੱਚ ਅਤੇ ਫਿਰ 2008 ਵਿੱਚ ਸੋਧਾਂ ਹੋਈਆਂ। ਪੰਜਾਬ ਵਿੱਚ ਭਾਸ਼ਾ ਦੇ ਨਾਂ ’ਤੇ ਪੰਜਾਬੀ ਯੂਨੀਵਰਸਿਟੀ ਸਥਾਪਤ ਹੈ, ਪਰ ਪੰਜਾਬੀ ਭਾਸ਼ਾ ਫਿਰ ਵੀ ਮੰਦੇ ਹਾਲੀਂ ਹੈ। ਮੌਜੂਦਾ ਸਰਕਾਰ ਦੁਆਰਾ ਕੀਤੇ ਜਾ ਰਹੇ ਦਾਅਵੇ ਅਮਲੀ ਰੂਪ ਵਿੱਚ ਲਾਗੂ ਹੋਣ ਤਾਂ ਕੁਝ ਢਾਰਸ ਬੰਨ੍ਹਾ ਸਕਦੇ ਹਨ। ਸਰਕਾਰੀ ਨੌਕਰੀ ਲਈ ਰੱਖੀ ਵਿਸ਼ੇਸ਼ ਪ੍ਰੀਖਿਆ ’ਚੋਂ 50 ਫ਼ੀਸਦੀ ਅੰਕਾਂ ਦੀ ਸ਼ਰਤ ਸ਼ਲਾਘਾਯੋਗ ਤੇ ਸਾਕਾਰਤਮਕ ਭੂਮਿਕਾ ਨਿਭਾ ਸਕਦੀ ਹੈ।

ਮੈਨੂੰ ਲਗਦਾ ਹੈ ਕਿ ਇਸ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਅਜੇ ਬਾਕੀ ਹੈ। ਜਦੋਂ ਤੱਕ ਪੰਜਾਬ ਦੇ ਸਾਰੇ ਨਿੱਜੀ ਸਕੂਲਾਂ ਨੂੰ ਪੰਜਾਬ ਰਾਜ ਭਾਸ਼ਾ ਕਾਨੂੰਨ ਵਰਗੇ ਕਿਸੇ ਕਾਨੂੰਨ ਦੇ ਅਧੀਨ ਨਹੀਂ ਲਿਆਂਦਾ ਜਾਂਦਾ, ਉਦੋਂ ਤੱਕ ਹੋਰ ਕੋਈ ਕਦਮ ਸਾਰਥਕ ਸਾਬਿਤ ਹੋਣਾ ਮੁਸ਼ਕਲ ਜਾਪਦਾ ਹੈ। ਇਸ ਸਮੇਂ ਪੰਜਾਬੀ ਨੂੰ ਸਭ ਤੋਂ ਵੱਧ ਖ਼ਤਰਾ ਇਨ੍ਹਾਂ ਅਖੌਤੀ ਮਾਡਲ ਸਕੂਲਾਂ ਤੋਂ ਹੈ ਜੋ ਮਾਸੂਮ ਬਚਪਨ ਦੇ ਕੋਰੀਆਂ ਸਲੇਟਾਂ ਵਰਗੇ ਦਿਲ-ਦਿਮਾਗ਼ਾਂ ’ਚੋ ਪੰਜਾਬੀ ਨੂੰ ਪੋਚ ਰਹੇ ਹਨ ਤੇ ਸ਼ਰ੍ਹੇਆਮ ਪੰਜਾਬੀ ਦੀਆਂ ਜੜ੍ਹਾਂ ਵੱਢਣ ’ਤੇ ਤੁਲੇ ਹੋਏ ਹਨ। ਇਨ੍ਹਾਂ ਸਕੂਲਾਂ ਨੂੰ ਸਪੱਸ਼ਟ ਹਦਾਇਤ ਤੇ ਕਾਨੂੰਨੀ ਡਰ ਦੀ ਲੋੜ ਹੈ ਕਿ ਉਹ ਪੰਜਾਬੀ ਨੂੰ ਬਣਦਾ ਮਾਣ ਤੇ ਸਤਿਕਾਰ ਦੇਣ। ਸਕੂਲ ਅੰਦਰ ਬੱਚਿਆਂ ਨਾਲ ਉਨ੍ਹਾਂ ਦੀ ਮਾਤ-ਭਾਸ਼ਾ ’ਚ ਗੱਲ ਕਰਨਾ ਯਕੀਨੀ ਬਣਾਉਣ। ਇਸ ਸ਼ਰਤ ਨੂੰ ਉਨ੍ਹਾਂ ਦੀ ਮਾਨਤਾ ਜਾਰੀ ਰੱਖਣ ਨਾਲ ਜੋੜਨਾ ਹੋਰ ਵੀ ਬਿਹਤਰ ਹੋਵੇਗਾ।

ਇਸ ਗੱਲ ਦੀ ਲੋੜ ਵੀ ਹੈ ਕਿ ਭਾਸ਼ਾ ਵਿਭਾਗ ਜਾਂ ਪੰਜਾਬੀ ਯੂਨੀਵਰਸਿਟੀ ਇਹ ਖੋਜ ਕਰਵਾਏ ਕਿ ਆਖ਼ਰ ਅਸੀਂ ਆਪਣੀ ਮਾਂ-ਬੋਲੀ ਬੋਲਣ ’ਚ ਸ਼ਰਮ ਕਿਉਂ ਮਹਿਸੂਸ ਕਰਨ ਲੱਗੇ ਹਾਂ। ਇਹਦੇ ਪਿਛਲੇ ਕਾਰਨਾਂ ਨੂੰ ਪਛਾਣ ਕੇ ਇਹਦੇ ’ਤੇ ਕੰਮ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਇਸ ਸਮੇਂ ਆਮ ਲੋਕਾਂ ਦੇ ਮਨਾਂ ਵਿੱਚ ਆਪਣੀ ਮਾਂ-ਬੋਲੀ ਪ੍ਰਤੀ ਪੈਦਾ ਹੋਈ ਸ਼ਰਮ-ਸੰਕੋਚ ਖ਼ਤਮ ਕਰਕੇ ਮਾਣ-ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ ਇੱਕ ਵਿਸ਼ੇਸ਼ ਲਹਿਰ ਚਲਾਉਣਾ ਸਮੇਂ ਦੀ ਮੰਗ ਹੈ। ਪੰਜਾਬੀ ਬੋਲੀ ਦੇ ਸਿਰ ’ਤੇ ਦੇਸ਼-ਵਿਦੇਸ਼ ਵਿੱਚ ਸ਼ੁਹਰਤ ਕਮਾਉਣ ਵਾਲੇ ਲੇਖਕਾਂ, ਬੁੱਧੀਜੀਵੀਆਂ ਤੇ ਕਲਾਕਾਰਾਂ ਨੂੰ ਵੀ ਚੁੱਪ ਤੋੜਦਿਆਂ ਅੱਗੇ ਆਉਣਾ ਚਾਹੀਦਾ ਹੈ। ਅੱਜ ਸਾਡੀ ਮਾਂ-ਬੋਲੀ ਨੂੰ ਸਾਡੇ ‘ਹਾਅ ਦੇ ਨਾਅਰੇ’ ਦੀ ਲੋੜ ਹੈ। ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਵੱਖ ਵੱਖ ਧਾਰਮਿਕ ਸੰਸਥਾਵਾਂ ਨੂੰ ਵੀ ਇਸ ਪਾਸੇ ਉਚੇਚਾ ਧਿਆਨ ਦੇਣ ਦੀ ਲੋੜ ਹੈ।

ਆਓ, ਕਵੀ ਫਿਰੋਜ਼ਦੀਨ ਸ਼ਰਫ ਦੇ ਇਨ੍ਹਾਂ ਸ਼ਬਦਾਂ ਤੋਂ ਸੇਧ ਲਈਏ- ‘ਰਵ੍ਹਾਂ ਏਥੇ ਤੇ ਯੂ ਪੀ ਵਿੱਚ ਕਰਾਂ ਗੱਲਾਂ/ ਐਸੀ ਅਕਲ ਨੂੰ ਛਿੱਕੇ ’ਤੇ ਟੰਗਦਾ ਹਾਂ’।’ ਅਤੇ ਆਪੋ-ਆਪਣੀ ਸਮਰੱਥਾ ਮੁਤਾਬਿਕ ਆਪਣੀ ਮਾਂ-ਬੋਲੀ ਨੂੰ ਬਚਾਉਣ ਲਈ ਆਵਾਜ਼ ਬੁਲੰਦ ਕਰੀਏ। ਪੰਜਾਬੀ ਬੋਲਣ ਵਿੱਚ ਸ਼ਰਮ ਨਹੀਂ, ਮਾਣ ਮਹਿਸੂਸ ਕਰੀਏ। ਨਹੀਂ ਤਾਂ, ਆਉਣ ਵਾਲੀਆਂ ਪੀੜ੍ਹੀਆਂ ਸਾਡੀ ਅੱਜ ਦੀ ਚੁੱਪ ’ਤੇ ਸਵਾਲ ਹੀ ਨਹੀਂ ਉਠਾਉਣਗੀਆਂ ਸਗੋਂ ਲਾਹਣਤਾਂ ਵੀ ਪਾਉਣਗੀਆਂ।

Leave a Reply