ਪੰਜਾਬੀ ਭਾਸ਼ਾ ਕਿਵੇਂ ਪ੍ਰਫੁੱਲਿਤ ਹੋਵੇ ?

ਪ੍ਰੋ. ਰਾਜੇਸ਼ ਕੁਮਾਰ ਥਾਣੇਵਾਲ

ਹਰ ਸਾਲ ਵਾਂਗ ਕੱਲ੍ਹ 21 ਫਰਵਰੀ ਨੂੰ ਵੀ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ।  ਇਹ ਦਿਨ ਭਾਸ਼ਾ, ਸੱਭਿਆਚਾਰਕ ਵਖਰੇਵਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਾ ਹੈ ਅਤੇ ਬਹੁਭਾਸ਼ਾਵਾਦ ਨੂੰ ਉਤਸ਼ਾਹਿਤ ਕਰਦਾ ਹੈ। ਮਾਂ ਬੋਲੀ ਦੇ ਪ੍ਰਚਾਰ, ਪਸਾਰ ਅਤੇ ਇਸ ਨੂੰ ਉਤਸ਼ਾਹਿਤ ਕਰਨ ਲਈ ਇਹ ਮਹੱਤਵਪੂਰਨ ਕਦਮ ਹੈ। ਸੰਯੁਕਤ ਰਾਸ਼ਟਰ ਨੇ ਬੰਗਲਾਦੇਸ਼ ਸਰਕਾਰ ਦੀ ਤਜਵੀਜ਼ ’ਤੇ ਇਸ ਦੀ ਸ਼ੁਰੂਆਤ ਕੀਤੀ।

ਭਾਰਤ ਵਿਚ ਵੀ ਵੱਖ ਵੱਖ ਸੂਬਿਆਂ ਵਿਚ ਕੌਮਾਂਤਰੀ ਮਾਤ ਭਾਸ਼ਾ ਦਿਵਸ ਬੜੀ ਸ਼ਿੱਦਤ ਨਾਲ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਵਿਚ ਲਗਭਗ 19 ਹਜ਼ਾਰ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਅਤੇ ਲਿਖੀਆਂ ਜਾਂਦੀਆਂ ਹਨ। ਭਾਰਤ ਸਰਕਾਰ ਵੱਲੋਂ 22 ਭਾਸ਼ਾਵਾਂ ਨੂੰ ਸੰਵਿਧਾਨ ਵਿਚ ਮਾਨਤਾ ਦਿੱਤੀ ਗਈ ਹੈ।  ਇਨ੍ਹਾਂ ਭਾਸ਼ਾਵਾਂ ਵਿੱਚ ਅਸਾਮੀ, ਬੰਗਲਾ, ਬੋਡੋ, ਗੁਜਰਾਤੀ, ਹਿੰਦੀ, ਕਸ਼ਮੀਰੀ, ਕੋਂਕਣੀ, ਮੈਥਿਲੀ, ਮਲਿਆਲਮ, ਮਣੀਪੁਰੀ, ਮਰਾਠੀ,  ਨੇਪਾਲੀ, ਪੰਜਾਬੀ, ਸੰਸਕ੍ਰਿਤ, ਸੰਥਾਲੀ, ਸਿੰਧੀ, ਤਮਿਲ, ਤੇਲਗੂ, ਉਰਦੂ ਆਦਿ ਸ਼ਾਮਲ ਹਨ। ਪੰਜਾਬੀ ਭਾਸ਼ਾ ਇਨ੍ਹਾਂ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ।

ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਨਿਕਾਸ ਨੂੰ ਸਮਝਣ ਲਈ ਸਾਨੂੰ ਪਹਿਲਾਂ ਪੰਜਾਬ ਦੇ ਭੂਗੋਲ ਅਤੇ ਇਤਿਹਾਸ ਦੀ ਸਮਝ ਹੋਣੀ ਜ਼ਰੂਰੀ ਹੈ।  ਪੰਜਾਬ ਦਾ ਪੁਰਾਣਾ ਨਾਮ ਸਪਤਸਿੰਧੂ ਹੁੰਦਾ ਸੀ ਕਿਉਂਕਿ ਉਸ ਸਮੇਂ ਇਸ ਖੇਤਰ ਵਿੱਚ ਸੱਤ ਦਰਿਆ ਵਗਦੇ ਸਨ। ਇਹ ਖੇਤਰ ਦਿੱਲੀ ਦੀ ਸਰਹੱਦ ਤੋਂ ਸ਼ੁਰੂ ਹੋ ਕੇ ਪਿਸ਼ਾਵਰ ਦੀ ਸਰਹੱਦ ਨਾਲ ਜਾ ਜੁੜਦਾ ਸੀ।  ਇਨ੍ਹਾਂ ਦਰਿਆਵਾਂ ਵਿੱਚ ਦਰਿਆ-ਏ-ਸਿੰਧ, ਚਨਾਬ, ਬਿਆਸ, ਰਾਵੀ, ਸਤਲੁਜ, ਜਿਹਲਮ ਅਤੇ ਸਰਸਵਤੀ ਸ਼ਾਮਿਲ ਸਨ। ਦਰਿਆ-ਏ-ਸਿੰਧ ਕਾਬੁਲ ਨਾਲ ਜੁੜ ਗਿਆ ਅਤੇ ਦਰਿਆ ਸਰਸਵਤੀ ਹੌਲੀ ਹੌਲੀ ਅਲੋਪ ਹੋ ਗਿਆ। ਇਸ ਤਰ੍ਹਾਂ ਇਸ ਖਿੱਤੇ ਵਿੱਚ ਪੰਜ ਦਰਿਆ ਹੀ ਵਹਿਣ ਲੱਗ ਪਏ। ਇਨ੍ਹਾਂ ਪੰਜ ਦਰਿਆਵਾਂ ਕਾਰਨ ਇਸ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਪੰਜ-ਨਦ ਕਹਿਣ ਲੱਗ ਪਏ ਕਿਉਂਕਿ ਸੰਸਕ੍ਰਿਤ ਭਾਸ਼ਾ ਵਿੱਚ ਪਾਣੀ ਦੇ ਵੱਡੇ ਵਹਿਣ ਨੂੰ ਨਦ ਕਿਹਾ ਜਾਂਦਾ ਹੈ। ਜਦੋਂ ਮੁਸਲਮਾਨਾਂ ਦਾ ਇਸ ਖਿੱਤੇ ਉੱਪਰ ਕਬਜ਼ਾ ਹੋ ਗਿਆ ਤਾਂ ਫ਼ਾਰਸੀ ਭਾਸ਼ਾ ਵਿੱਚ ਪਾਣੀ ਨੂੰ ਆਬ ਕਹਿਣ ਕਾਰਨ ਇਹ ਪੰਜ-ਆਬ ਦੇ ਨਾਂਅ ਨਾਲ ਜਾਣਿਆ ਜਾਣ ਲੱਗਿਆ। ਹੌਲੀ ਹੌਲੀ ਇਹ ਪੰਜ-ਆਬ ਸ਼ਬਦ ਸੰਯੁਕਤ ਹੁੰਦਾ ਗਿਆ ਤੇ ਅੱਜ ਦਾ ਸ਼ਬਦ ਪੰਜਾਬ ਬਣ ਗਿਆ।

ਇਸ ਭੂਗੋਲਿਕ ਖੇਤਰ ਵਿੱਚ ਲੋਕ ਸਦੀਆਂ ਤੋਂ ਵਸਦੇ ਆ ਰਹੇ ਹਨ। ਇਸ ਲਈ ਉਹ ਜ਼ਰੂਰ ਕੋਈ ਨਾ ਕੋਈ ਭਾਸ਼ਾ ਬੋਲਦੇ ਹੋਣਗੇ ਅਤੇ ਉਸ ਨੂੰ ਲਿਪੀਬੱਧ ਵੀ ਕਰਦੇ ਹੋਣਗੇ। ਜੇਕਰ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਇੱਥੋਂ ਦੇ ਲੋਕ ਟੱਕ ਜਾਂ ਟਾਕਰੀ ਭਾਸ਼ਾ ਵਿੱਚ ਲਿਖਦੇ ਸਨ। ਤਕਸ਼ਿਲਾ ਇਨ੍ਹਾਂ ਦੀ ਰਾਜਧਾਨੀ ਸੀ ਜਿਹੜੀ ਸਿੱਖਿਆ ਦਾ ਵੱਡਾ ਕੇਂਦਰ ਸੀ। ਸੰਸਕ੍ਰਿਤ ਭਾਸ਼ਾ ਦਾ ਵੀ ਇਸ ਖਿੱਤੇ ਵਿੱਚ ਬੋਲਬਾਲਾ ਰਿਹਾ ਹੈ।  ਅਮੀਰ ਖੁਸਰੋ ਪੰਜਾਬ ਦੇ ਲੋਕਾਂ ਦੀ ਭਾਸ਼ਾ ਨੂੰ ਲਾਹੌਰੀ ਭਾਸ਼ਾ ਆਖਦਾ ਸੀ। ਬਾਲ ਗੰਗਾਧਰ ਤਿਲਕ ਪੰਜਾਬ ਦੇ ਲੋਕਾਂ ਦੀ ਭਾਸ਼ਾ ਨੂੰ ਗੁਰਮੁਖੀ ਕਹਿੰਦਾ ਸੀ। ਕਈ ਸਾਰੇ ਅੰਗਰੇਜ਼ ਵਿਦਵਾਨ ਵੀ ਗੁਰਮੁਖੀ ਸ਼ਬਦ ਦਾ ਪ੍ਰਯੋਗ ਕਰਦੇ ਸਨ ਪਰ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੀ ਭਾਸ਼ਾ ਨੂੰ ਪੰਜਾਬੀ ਕਹਿ ਕੇ ਹਾਫ਼ਿਜ਼ ਬਰਖ਼ੁਰਦਾਰ ਨੇ ਆਪਣੀ ਰਚਨਾ ਵਿੱਚ ਲਿਖਿਆ। ਉਹ ਲਿਖਦਾ ਹੈ:

ਹਜ਼ਰਤ ਮੋਮਨ ਦਾ ਫ਼ਰਮਾਇਆ

ਇਸ ਵਿੱਚ ਇਹ ਮਸਾਈਲ  

ਤੁਰੰਤ ਪੰਜਾਬੀ ਆਖ ਸੁਣਾਈ 

ਜੇ ਕੋ ਹੋਵੇ ਮਾਇਲ।

ਪੰਜਾਬੀ ਭਾਸ਼ਾ ਦੀ ਉਤਪਤੀ ਦੇ ਸਿਧਾਂਤਾਂ ਨੂੰ ਦੇਖੀਏ ਤਾਂ ਇਸ ਦੀ ਉਤਪਤੀ ਦੋ ਆਭਰੰਸ਼ ਅਤੇ ਲੋਕ ਬੋਲੀਆਂ ਦੇ ਮਿਲਾਪ ਨਾਲ ਹੋਈ ਹੈ। ਵੈਦਿਕ ਕਾਲ ਸਮੇਂ ਸੰਸਕ੍ਰਿਤ ਦਾ ਬੋਲਬਾਲਾ ਹੋ ਗਿਆ ਤਾਂ ਉਹ ਪੰਡਤਾਊ ਭਾਸ਼ਾ ਬਣ ਗਈ। ਮਗਰੋਂ ਇਸ ਦੀ ਵਿਆਕਰਣ ਬਣ ਜਾਣ ’ਤੇ ਇਹ ਆਮ ਲੋਕਾਂ ਦੀ ਭਾਸ਼ਾ ਨਾ ਰਹੀ, ਪਰ ਆਮ ਲੋਕਾਂ ਦੀਆਂ ਭਾਸ਼ਾਵਾਂ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ। ਇਨ੍ਹਾਂ ਭਾਸ਼ਾਵਾਂ ਨੂੰ ਆਭਰੰਸ਼ ਭਾਸ਼ਾਵਾਂ ਦਾ ਨਾਂ ਦਿੱਤਾ ਗਿਆ ਸੀ। ਸੰਸਕ੍ਰਿਤ ਦੇ ਵਿਦਵਾਨ ਪੰਡਤ ਇਨ੍ਹਾਂ ਭਾਸ਼ਾਵਾਂ ਨੂੰ ਗਵਾਰੂ ਭਾਸ਼ਾ ਕਹਿੰਦੇ ਸਨ। ਸੰਸਕ੍ਰਿਤ ਨੂੰ ਪਹਿਲੀ ਵੰਗਾਰ ਲੋਕ-ਬੋਲੀ ਪਾਲੀ ਨੇ ਪਾਈ ਸੀ। ਮਹਾਤਮਾ ਬੁੱਧ ਨੇ ਆਪਣਾ ਉਪਦੇਸ਼ ਲੋਕਾਂ ਨੂੰ ਪਾਲੀ ਭਾਸ਼ਾ ਵਿੱਚ ਦਿੱਤਾ ਸੀ। ਇਸ ਤਰ੍ਹਾਂ ਭਾਰਤ ਦੇ ਉੱਤਰੀ ਖੇਤਰ ਵਿਚ ਵੀ ਵੱਖ-ਵੱਖ ਲੋਕ ਬੋਲੀਆਂ ਦੀ ਉਤਪਤੀ ਹੋਈ। ਪੰਜਾਬ ਦੇ ਇੱਕ ਹਿੱਸੇ ਵਿੱਚ ਪੈਸ਼ਾਚੀ ਅਤੇ ਦੂਸਰੇ ਹਿੱਸੇ ਵਿੱਚ ਸ਼ੋਰਸ਼ੈਨੀ ਭਾਸ਼ਾ ਦਾ ਜ਼ੋਰ ਸੀ। ਇਨ੍ਹਾਂ ਦੋਹਾਂ ਭਾਸ਼ਾਵਾਂ ਦੇ ਮੇਲ ਅਤੇ  ਇੱਥੇ ਦੀਆਂ ਲੋਕ ਭਾਸ਼ਾਵਾਂ ਟੰਕ ਜਾਂ ਟਾਂਕਰੀ ਅਤੇ ਕੇਕਈ ਨਾਲ ਮਿਲ ਕੇ ਇੱਕ ਨਵੀਂ ਭਾਸ਼ਾ ਦੀ ਬੁਨਿਆਦ ਰੱਖੀ ਜਿਸ ਨੂੰ ਅਸੀਂ ਅੱਜਕੱਲ੍ਹ ਪੰਜਾਬੀ ਆਖਦੇ ਹਾਂ।

ਜਦੋਂ ਪੰਜਾਬੀ ਦੀ ਉਤਪਤੀ ਇਨ੍ਹਾਂ ਕੇਕਈ ਅਤੇ ਟੰਕ ਜਾਂ ਟਾਂਕਰੀ ਭਾਸ਼ਾ ਦੇ ਮਿਲਾਪ ਤੋਂ ਹੋਈ ਤਾਂ ਇਸ ਲਈ ਕਿਸੇ ਲਿਪੀ ਦੀ ਵੀ ਜ਼ਰੂਰਤ ਸੀ। ਬਿਨਾਂ ਲਿੱਪੀ ਤੋਂ ਭਾਸ਼ਾ ਲੰਬੇ ਸਮੇਂ ਤੱਕ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੀ। ਪੰਜਾਬੀ ਭਾਸ਼ਾ ਦੀ ਲਿੱਪੀ ਵੀ ਕਾਫ਼ੀ ਪੁਰਾਤਨ ਹੈ। ਇਸ ਦੇ ਚਾਰ ਅੱਖਰ ਤਾਂ ਬ੍ਰਹਮੀ ਭਾਸ਼ਾ ਦੀ ਲਿਪੀ ਵਿੱਚ ਮਿਲਦੇ ਹਨ। ਪੰਜਾਬੀ ਦੀਆਂ ਪੁਰਾਤਨ ਲਿਪੀਆਂ ਸ਼ਾਰਦਾ ਅਤੇ ਟਾਂਕਰੀ ਨਾਲ ਵੀ ਇਸ ਦੇ ਗੂੜ੍ਹੇ ਸਬੰਧ ਹਨ। ਸ਼ਾਰਦਾ ਲਿਪੀ ਨਾਲ ਇਸ ਦੇ ਸੱਤ ਅੱਖਰ ਬਿਲਕੁਲ ਸਾਂਝੇ ਹਨ ਅਤੇ 12 ਅੱਖਰ ਮਿਲਦੇ ਜੁਲਦੇ ਹਨ। ਟਾਂਕਰੀ ਲਿਪੀ ਨਾਲ ਇਸ ਦੇ  15 ਅੱਖਰ ਜਿਵੇਂ ਉ, ਹ, ਖ, ਗ, ਘ, ਟ, ਠ, ਡ, ਤ, ਥ, ਪ, ਫ, ਭ, ਰ, ਵ ਮਿਲਦੇ ਹਨ। ਪੰਜ ਅੱਖਰ ਚ, ਢ, ਦ, ਧ, ਲ ਕਾਫ਼ੀ ਮਿਲਦੇ ਜੁਲਦੇ ਹਨ ਅਤੇ  ਕ, ਮ, ਯ ਥੋੜ੍ਹਾ-ਥੋੜ੍ਹਾ ਮੇਲ ਖਾਂਦੇ ਹਨ। ਅੱਠ ਅੱਖਰ ਜੋ ਟਾਂਕਰੀ ਨਾਲ ਨਹੀਂ ਮਿਲਦੇ ਉਹ ਸ਼ਾਰਦਾ ਅਤੇ ਲੰਡੇ ਲਿੱਪੀ ਨਾਲ ਮਿਲਦੇ ਹਨ, ਪਰ ਇਸ ਦੀ ਜ਼ਿਆਦਾ ਨੇੜਤਾ ਟਾਂਕਰੀ ਭਾਸ਼ਾ ਨਾਲ ਹੈ ਜੋ ਇਨ੍ਹਾਂ ਨੂੰ ਮਾਂ-ਧੀ ਦੇ ਰਿਸ਼ਤੇ ਵਿੱਚ ਬੰਨ੍ਹਦੀ ਹੈ।

ਪੰਜਾਬੀ ਭਾਸ਼ਾ ਵਿੱਚ ਸਾਹਿਤ ਲਿਖਣ ਦੀ ਸ਼ੁਰੂਆਤ ਕਦੋਂ ਹੋਈ, ਇਸ ਸਬੰਧੀ ਵਿਦਵਾਨ ਸਹਿਮਤ ਨਹੀਂ ਹਨ ਅਤੇ ਨਾ ਹੀ ਕੋਈ ਸਪਸ਼ਟ ਪ੍ਰਮਾਣ ਮਿਲਦੇ ਹਨ।  ਇਹ ਅੰਦਾਜ਼ੇ ਨਾਲ ਹੀ ਕਿਹਾ ਜਾਂਦਾ ਹੈ  ਕਿ ਪੰਜਾਬੀ ਭਾਸ਼ਾ ਵਿੱਚ ਸਭ ਤੋ ਪਹਿਲਾਂ ਨਾਥ ਜੋਗੀਆਂ ਨੇ ਆਪਣੇ ਸਾਹਿਤ ਦੀ ਰਚਨਾ ਕੀਤੀ ਸੀ। ਗੋਰਖ ਨਾਥ, ਚਰਪਟ ਨਾਥ ਅਤੇ ਮਛੰਦਰ ਨਾਥ ਦੀ ਕਵਿਤਾ ਵਿੱਚ ਸਪਸ਼ਟ ਪੰਜਾਬੀ ਭਾਸ਼ਾ ਦੇ ਸ਼ਬਦ ਆਉਂਦੇ ਹਨ।  ਗੋਰਖਨਾਥ ਲਿਖਦਾ ਹੈ:

ਖਾਇਆ ਵੀ ਮਰਿਆ 

ਅਣਖਾਇਆ ਵੀ ਮਰਿਆ 

ਗੋਰਖ ਰਾਇਆ ਸੰਜਮੀ ਤਰਿਆ।

ਇਸ ਕਵਿਤਾ ਦੇ ਸ਼ਬਦ ਬਿਲਕੁਲ ਠੇਠ ਪੰਜਾਬੀ ਦੇ ਹੀ ਲੱਗਦੇ ਹਨ। ਇਸ ਸਮੇਂ ਤੱਕ ਪੰਜਾਬੀ ਭਾਸ਼ਾ ਦਾ ਮੂੰਹ-ਮੱਥਾ ਕਾਫ਼ੀ ਹੱਦ ਤੱਕ ਸੁਧਰ ਚੁੱਕਿਆ ਸੀ। ਫਿਰ ਵੀ ਜ਼ਿਆਦਾ ਵਿਦਵਾਨ ਬਾਬਾ ਫ਼ਰੀਦ ਜੀ ਨੂੰ ਹੀ ਪੰਜਾਬੀ ਦਾ ਪਹਿਲਾ ਕਵੀ ਮੰਨਦੇ ਹਨ। ਉਨ੍ਹਾਂ ਦਾ ਸਮਾਂ ਬਾਰ੍ਹਵੀਂ ਸਦੀ ਦਾ ਹੈ। ਉਸ ਸਮੇਂ ਤੱਕ ਪੰਜਾਬੀ ਭਾਸ਼ਾ ਵਿੱਚ ਕਈ ਕਿਸਮ ਦੀਆਂ ਵੰਨਗੀਆਂ ਸਾਹਿਤਕ ਰੂਪ ’ਚ ਆ ਚੁੱਕੀਆਂ ਸਨ। ਇਨ੍ਹਾਂ ਵਿੱਚ ਮੁਹਾਵਰੇ, ਅਖਾਣ, ਵਾਰਾਂ, ਬੁਝਾਰਤਾਂ ਅਤੇ ਲੋਕ ਗੀਤ ਆਦਿ ਸ਼ਾਮਿਲ ਸਨ। ਇਸ ਲੜੀ ਵਿੱਚ ਸੰਤਾਂ ਅਤੇ ਮਹਾਂਪੁਰਸ਼ਾਂ ਨੇ ਵੀ ਪੰਜਾਬੀ ਭਾਸ਼ਾ ਵਿੱਚ ਸਾਹਿਤ ਰਚ ਕੇ ਪੰਜਾਬੀ ਭਾਸ਼ਾ ਦਾ ਦਾਇਰਾ ਮੋਕਲਾ ਕੀਤਾ। ਪੰਜਾਬੀ ਭਾਸ਼ਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੀ ਰਚਨਾ ਕਰਕੇ ਪੰਜਾਬੀ ਲੋਕ ਭਾਸ਼ਾ ਵਿੱਚ ਸਾਹਿਤ ਰਚਣ ਲਈ ਪੂਰੀ ਤਰ੍ਹਾਂ ਇੱਕ ਨਵੀਂ ਪਿਰਤ ਪਾ ਦਿੱਤੀ ਜਿਸ ਨੂੰ ਸਿੱਖ ਗੁਰੂ ਸਾਹਿਬਾਨ ਨੇ ਅੱਗੇ ਤੋਰਿਆ। ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਕਰ ਕੇ ਪੰਜਾਬੀ ਭਾਸ਼ਾ ਨੂੰ ਅਤਿ ਉੱਤਮ ਸਥਿਤੀ ਉਪਰ ਪਹੁੰਚਾ ਦਿੱਤਾ ਜਿਸ ਸਦਕਾ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪੱਕਾ ਰਸਤਾ ਬਣ ਗਿਆ ਕਿ ਉਹ ਹੁਣ ਆਪਣੀਆਂ ਲਿਖਤਾਂ ਨੂੰ ਲੋਕ-ਬੋਲੀ ਅਤੇ ਲੋਕ ਭਾਸ਼ਾ ਪੰਜਾਬੀ ਵਿੱਚ ਲਿਖ ਕੇ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਸਕਦੇ ਹਨ। ਅਗਲੀ ਪੀੜ੍ਹੀ ਵਿੱਚ ਸੂਫ਼ੀ ਕਵੀਆਂ ਨੇ ਪੰਜਾਬੀ ਭਾਸ਼ਾ ਵਿੱਚ ਮਹੱਤਵਪੂਰਨ ਸਾਹਿਤ ਰਚਿਆ। ਬੇਸ਼ੱਕ, ਇਸ ਸਾਹਿਤ ਵਿੱਚ ਫ਼ਾਰਸੀ ਭਾਸ਼ਾ ਦੇ ਸ਼ਬਦਾਂ ਦੀ ਮਿਲਾਵਟ ਸੀ, ਪਰ ਇਹ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਵਧੀਆ ਸਾਧਨ ਬਣ ਗਿਆ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਸ਼ਬਦ ਫ਼ਾਰਸੀ ਭਾਸ਼ਾ ਤੋਂ ਸਦਾ ਲਈ ਪੰਜਾਬੀ ਭਾਸ਼ਾ ਵਿੱਚ ਸਮਾ ਗਏ ਅਤੇ ਇਹ ਸਦਾ ਲਈ ਪੰਜਾਬੀਆਂ ਦੀ ਜ਼ੁਬਾਨ ਅਤੇ ਬੋਲਚਾਲ ਦਾ ਹਿੱਸਾ ਬਣ ਗਏ। ਇਹ ਸਿਲਸਿਲਾ ਲਗਾਤਾਰ ਚਲਦਾ ਆ ਰਿਹਾ ਹੈ। ਅੰਗਰੇਜ਼ਾਂ ਦੇ ਸਮੇਂ ਤੱਕ ਪੰਜਾਬੀ ਭਾਸ਼ਾ ਦਾ ਹਾਜ਼ਮਾ ਕਾਫ਼ੀ ਮਜ਼ਬੂਤ ਹੋ ਚੁੱਕਿਆ ਸੀ ਅਤੇ ਇਸ ਨੇ ਅੰਗਰੇਜ਼ੀ ਭਾਸ਼ਾ ਦੇ ਕਈ ਸ਼ਬਦਾਂ ਨੂੰ ਅਪਣਾ ਲਿਆ ਸੀ। ਇਸ ਗੱਲ ਦਾ ਨਮੂਨਾ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਦੇਖਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਆਧੁਨਿਕ ਪੰਜਾਬੀ ਭਾਸ਼ਾ ਦਾ ਸਮਾਂ ਸ਼ੁਰੂ ਹੁੰਦਾ ਹੈ ਜਿਸ ਦਾ ਸਿਰਮੌਰ ਭਾਈ ਵੀਰ ਸਿੰਘ ਬਣਦਾ ਹੈ। ਇਸ ਸਮੇਂ ਤੱਕ ਪੰਜਾਬੀ ਭਾਸ਼ਾ ਵਿੱਚ ਨਾਵਲ ਅਤੇ ਨਾਟਕ ਲਿਖਣ ਦੀ ਸ਼ੁਰੂਆਤ ਹੋ ਚੁੱਕੀ ਸੀ। ਬਹੁਤ ਸਾਰੇ ਪੰਜਾਬੀ ਲੇਖਕਾਂ ਦੀ ਨਵੀਂ ਪੌਦ ਪੰਜਾਬੀ ਦੇ ਵਿਹੜੇ ਵਿੱਚ ਉੱਗ ਖਲੋਤੀ ਸੀ। ਇਨ੍ਹਾਂ ਲੇਖਕਾਂ ਨੇ ਪੰਜਾਬੀ ਭਾਸ਼ਾ ਵਿੱਚ ਹਰ ਵੰਨਗੀ ਦਾ ਸਾਹਿਤ ਰਚਿਆ। ਇਨ੍ਹਾਂ ਲੇਖਕਾਂ ਨੇ ਆਪਣੀਆਂ ਲਿਖਤਾਂ ਰਾਹੀਂ ਪੰਜਾਬੀ ਭਾਸ਼ਾ ਨੂੰ ਅਮੀਰ ਬਣਾਇਆ ਤੇ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਉੱਪਰ ਮਾਣ ਕਰਨ ਲਈ ਪ੍ਰੇਰਿਤ ਕੀਤਾ।

ਅੰਗਰੇਜ਼ਾਂ ਦੇ ਭਾਰਤ ਤੋਂ ਜਾਣ ਨਾਲ ਹੀ ਪੰਜਾਬ ਅਤੇ ਪੰਜਾਬੀਆਂ ਦੀ ਮਾਤ-ਬੋਲੀ ਪੰਜਾਬੀ ਨਾਲ ਰਾਜਨੀਤਿਕ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਪੰਜਾਬ ਦੇ ਦੋ ਹਿੱਸੇ ਕਰਦਿਆਂ ਸੂਬੇ ਦਾ ਵੱਡਾ ਹਿੱਸਾ ਕੱਟ ਕੇ ਵੱਖਰੇ ਮੁਲਕ ਪਾਕਿਸਤਾਨ ਦਾ ਹਿੱਸਾ ਬਣਾ ਦਿੱਤਾ ਗਿਆ ਸੀ। ਬਾਕੀ ਬਚੇ ਪੰਜਾਬ ਨੂੰ ਫੇਰ 1966 ਵਿੱਚ ਛਾਂਗ ਦਿੱਤਾ ਗਿਆ। ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਰਾਹੀਂ ਪੰਜਾਬੀ ਬੋਲਦੇ, ਪੜ੍ਹਦੇ ਅਤੇ ਲਿਖਦੇ ਲੋਕਾਂ ਦੀਆਂ ਵੰਡੀਆਂ ਪਾ ਦਿੱਤੀਆਂ ਗਈਆਂ ਸਨ। ਰਾਜਨੀਤਿਕ ਚਲਾਕੀਆਂ ਪੰਜਾਬੀ ਭਾਸ਼ਾ ਨੂੰ ਤੋੜਨ ਮਰੋੜਨ ਲਈ ਇੱਥੇ ਹੀ ਖ਼ਤਮ ਨਾ ਹੋਈਆਂ ਸਗੋਂ ਪੰਜਾਬੀਆਂ ਨੂੰ ਆਪਣੀ ਭਾਸ਼ਾ ਨੂੰ ਸੂਬੇ ਦੀ ਰਾਣੀ ਭਾਸ਼ਾ ਬਣਾਉਣ ਲਈ ਕਈ ਸੰਘਰਸ਼ ਕਰਨੇ ਪਏ। ਇਸ ਲਈ ਕਈ ਮੋਰਚੇ ਪੰਜਾਬੀਆਂ ਨੇ ਲਗਾਏ ਅਤੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ। ਆਖ਼ਰ ਤਿੰਨ ਭਾਸ਼ਾਈ ਫਾਰਮੂਲਾ ਲਾਗੂ ਕਰ ਦਿੱਤਾ ਗਿਆ। ਇਸ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਪੰਜਾਬ ਸੂਬੇ ਦੀ ਰਾਣੀ ਭਾਸ਼ਾ ਬਣਨ ਦਾ ਮੌਕਾ ਮਿਲਿਆ ਅਤੇ ਇਸ ਦਾ ਸਿਹਰਾ ਤਤਕਾਲੀ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਸਿਰ ਬੱਝਦਾ ਹੈ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਰਾਜ ਦੀ ਦਫ਼ਤਰੀ ਭਾਸ਼ਾ ਵਜੋਂ ਲਾਗੂ ਕਰ ਦਿੱਤਾ ਸੀ। ਇਸ ਦੇ ਵਿਕਾਸ ਲਈ ਪਟਿਆਲੇ ਵਿਖੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ।

ਅੱਜ ਅਸੀਂ ਵਿਸ਼ਵੀਕਰਨ ਦੇ ਯੁੱਗ ਵਿੱਚ ਰਹਿ ਰਹੇ ਹਾਂ। ਸਮੁੱਚਾ ਸੰਸਾਰ ਹੀ ਇੱਕ ਆਲਮੀ ਪਿੰਡ ਦੇ ਰੂਪ ਵਿੱਚ ਵਟ ਗਿਆ ਹੈ। ਸੰਚਾਰ ਦੇ ਸਾਧਨਾਂ ਨੇ ਇਸ ਨੂੰ ਬੜਾ ਸੌਖਾ ਕਰ ਦਿੱਤਾ ਹੈ। ਅੱਜਕੱਲ੍ਹ ਕੰਪਿਊਟਰ ਰਾਹੀਂ ਵੀ ਪੰਜਾਬੀ ਭਾਸ਼ਾ ਨੂੰ ਆਰਾਮ ਨਾਲ ਟਾਈਪ ਕੀਤਾ ਜਾ ਸਕਦਾ ਹੈ। ਇਸ ਲਈ ਕਈ ਫੌਂਟ ਇੰਟਰਨੈੱਟ ਉੱਪਰ ਉਪਲਬਧ ਹਨ। ਇਸ ਤੋਂ ਵੀ ਅਗਾਂਹ ਹੁਣ ਸਿਰਫ਼ ਬੋਲ ਕੇ ਵੀ ਕੰਪਿਊਟਰ ਜਾਂ ਮੋਬਾਈਲ ਫੋਨ ਉਪਰ ਪੰਜਾਬੀ ਭਾਸ਼ਾ ਵਿੱਚ ਪ੍ਰਿੰਟ ਕੀਤਾ ਜਾ ਸਕਦਾ ਹੈ। ਇਸ ਦਾ ਦੋਸ਼ ਇਹ ਹੈ ਕਿ ਇਸ ਨਾਲ ਲਿਖਣ ਕਲਾ ਪ੍ਰਭਾਵਿਤ ਹੋਵੇਗੀ।  ਜੇਕਰ ਵਿਦਿਆਰਥੀਆਂ ਨੂੰ ਇਸ ਦੀ ਆਦਤ ਪੈ ਗਈ ਤਾਂ ਸਹਿਜੇ-ਸਹਿਜੇ ਲਿਖਣ ਕਲਾ ਅਲੋਪ ਹੋ ਸਕਦੀ ਹੈ। ਅਸਲ ਵਿੱਚ ਇਹ ਦੋ-ਧਾਰੀ ਤਲਵਾਰ ਵਾਂਗ ਹੀ ਹੈ। ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਪਰਵਾਸ ਕਰ ਕੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਗਏ ਹਨ। ਉੱਥੋਂ ਦੀ ਭਾਸ਼ਾ ਦਾ ਵੀ ਪੰਜਾਬੀ ਭਾਸ਼ਾ ਉਪਰ ਅਸਰ ਹੋ ਰਿਹਾ ਹੈ। ਉੱਥੇ ਹੀ ਪੈਦਾ ਹੋਈਆਂ ਪੰਜਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਉੱਪਰ ਉਨ੍ਹਾਂ ਦੇਸ਼ਾਂ ਦੀਆਂ ਭਾਸ਼ਾਵਾਂ ਦਾ ਕਾਫ਼ੀ ਅਸਰ ਹੈ। ਉਹ ਉਸ ਦੇਸ਼ ਦੀ ਭਾਸ਼ਾ ਅਤੇ ਪੰਜਾਬੀ ਬਾਰੇ ਜਾਣਕਾਰੀ ਰੱਖਦੇ ਹਨ ਜਿਸ ਕਾਰਨ ਉਨ੍ਹਾਂ ਦੀ ਭਾਸ਼ਾ ਵਿੱਚ ਕਈ ਨਵੇਂ ਸ਼ਬਦ ਪੰਜਾਬੀ ਦਾ ਹਿੱਸਾ ਬਣ ਗਏ ਹਨ ਅਤੇ ਅੱਗੇ ਬਣ ਰਹੇ ਹਨ।

ਦੁੱਖ ਦੀ ਗੱਲ ਇਹ ਵੀ ਹੈ ਕਿ ਨਵੀਂ ਪੀੜ੍ਹੀ ਦੇ ਕੁਝ ਬੱਚੇ ਪੰਜਾਬੀ ਭਾਸ਼ਾ ਤੋਂ ਦੂਰ ਹੋ ਗਏ ਹਨ। ਇਸ ਤੋਂ ਬਚਣ ਲਈ ਹੁਣ ਕਈ ਦੇਸ਼ਾਂ ਜਿਵੇਂ ਕੈਨੇਡਾ, ਇੰਗਲੈਂਡ ਅਤੇ ਇਟਲੀ ਨੇ ਆਪਣੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਪੜ੍ਹਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਕੁਦਰਤ ਦਾ ਇਹ ਨਿਯਮ ਹੈ ਕਿ ਖਾਲੀ ਹੋਈ ਥਾਂ ਨੂੰ ਭਰਨ ਲਈ ਵੀ ਕੋਈ ਆ ਜਾਂਦਾ ਹੈ। ਇਸ ਤਰ੍ਹਾਂ ਪੰਜਾਬ ਵਿੱਚ ਵੀ ਰੁਜ਼ਗਾਰ ਲਈ ਭਾਰਤ ਦੇ ਕਈ ਸੂਬਿਆਂ ਤੋਂ ਪਰਵਾਸੀ ਮਜ਼ਦੂਰ ਵੀ ਆ ਰਹੇ ਹਨ। ਕਈ ਤਾਂ ਇੱਥੇ ਪੱਕੇ ਹੀ ਵੱਸ ਗਏ ਹਨ। ਉਨ੍ਹਾਂ ਦੀ ਨਵੀਂ ਪੀੜ੍ਹੀ ਪੰਜਾਬ ਵਿੱਚ ਪੈਦਾ ਹੋਈ ਹੈ। ਉਹ ਇੱਥੋਂ ਦੇ ਪੰਜਾਬੀ ਸਕੂਲਾਂ, ਕਾਲਜਾਂ ਵਿੱਚ ਹੀ ਪੜ੍ਹਦੇ ਹਨ।  ਬੇਸ਼ੱਕ, ਉਹ ਪੰਜਾਬੀ ਭਾਸ਼ਾ ਪੜ੍ਹਦੇ ਲਿਖਦੇ ਹਨ, ਪਰ ਉਨ੍ਹਾਂ ਦੀ ਘਰੇਲੂ ਗੱਲਬਾਤ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਹੁੰਦੀ ਹੈ। ਇਸ ਕਾਰਨ ਉਨ੍ਹਾਂ ਦੀ ਭਾਸ਼ਾ ਦੇ ਕਈ ਸ਼ਬਦ ਗੱਲਬਾਤ ਰਾਹੀਂ ਪੰਜਾਬੀ ਭਾਸ਼ਾ ਦਾ ਹਿੱਸਾ ਬਣ ਰਹੇ ਹਨ। ਇਸ ਨਾਲ ਵੀ ਪੰਜਾਬੀ ਭਾਸ਼ਾ ਦਾ ਵਿਕਾਸ ਹੋ ਰਿਹਾ ਹੈ ਅਤੇ ਨਵੇਂ ਸ਼ਬਦ ਪੰਜਾਬੀ ਵਿੱਚ ਸ਼ਾਮਿਲ ਹੋ ਰਹੇ ਹਨ।

ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਇਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਮਿਆਰੀ ਅਧਿਆਪਕਾਂ, ਪ੍ਰੋਫ਼ੈਸਰ ਅਤੇ ਵਿਦਵਾਨਾਂ ਵੱਲੋਂ ਬੱਚਿਆਂ ਨੂੰ ਸਿਖਾਈ ਅਤੇ ਪੜ੍ਹਾਈ ਜਾਵੇ। ਇਸ ਸਬੰਧੀ ਵੱਖ-ਵੱਖ ਸਮੇਂ ਬਣੀਆਂ ਸੂਬਾਈ ਸਰਕਾਰਾਂ ਨੇ ਕੋਈ ਖ਼ਾਸ ਉੱਦਮ ਨਹੀਂ ਕੀਤਾ। ਹੁਣ ਵੀ ਕਈ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਵੱਡੀ ਕਮੀ ਹੈ। ਜੇਕਰ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਤਾਂ ਫਿਰ ਵਿਦਿਆਰਥੀ ਚੰਗੀ ਮਿਆਰੀ ਪੰਜਾਬੀ ਭਾਸ਼ਾ ਕਿਵੇਂ ਸਿੱਖ ਸਕਦੇ ਹਨ? ਕਈ ਸਕੂਲਾਂ ਵਿੱਚ ਹੋਰ ਵਿਸ਼ਿਆਂ ਦੇ ਅਧਿਆਪਕ ਹੀ ਮਾਤ-ਭਾਸ਼ਾ ਪੰਜਾਬੀ ਪੜ੍ਹਾ ਰਹੇ ਹਨ ਜਿਸ ਦਾ ਉਨ੍ਹਾਂ ਨੂੰ ਕੋਈ ਤਜ਼ਰਬਾ ਨਹੀਂ ਹੈ। ਇਸ ਕਾਰਨ ਵਿਦਿਆਰਥੀ ਪੰਜਾਬੀ ਭਾਸ਼ਾ ਨੂੰ ਠੀਕ ਤਰ੍ਹਾਂ ਸਿੱਖਣ ਤੋਂ ਅਸਮਰੱਥ ਹਨ। ਇਸੇ ਤਰ੍ਹਾਂ ਪਿਛਲੇ ਵੀਹ ਸਾਲਾਂ ਤੋਂ ਸਰਕਾਰਾਂ ਵੱਲੋਂ ਕਾਲਜ ਪ੍ਰੋਫੈਸਰਾਂ ਦੀਆਂ ਆਸਾਮੀਆਂ ਨਾ ਭਰ ਕੇ ਅਤੇ ਮਿਆਰੀ ਸਿੱਖਿਆ ਦਾ ਪ੍ਰਬੰਧ ਨਾ ਕਰ ਕੇ ਪੰਜਾਬ ਦੇ ਨੌਜਵਾਨਾਂ ਦੇ ਮਾਨਸਿਕ ਵਿਕਾਸ ਦਾ ਰਾਹ ਰੋਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਵਿੱਚ ਇੱਕ ਵੱਡੀ ਸੰਸਥਾ ਹੈ ਜੋ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਅਤੇ ਸਿੱਖਿਆ ਵਿੱਚ ਅਹਿਮ ਯੋਗਦਾਨ ਪਾ ਸਕਦੀ ਹੈ। ਇਸ ਵੱਲ ਗ਼ੌਰ ਕਰਨੀ ਬਣਦੀ ਹੈ।

ਹਾਲਾਤ ਤਾਂ ਅਜਿਹੇ ਹਨ ਕਿ ਟੈਲੀਵਿਜ਼ਨ ਉੱਪਰ ਪੰਜਾਬੀ ਖ਼ਬਰਾਂ ਪੜ੍ਹਨ ਵਾਲੇ ਐਂਕਰ ਪੰਜਾਬੀ ਬੋਲਦੇ ਬੋਲਦੇ ਹਿੰਦੀ ਦੇ ਸ਼ਬਦਾਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ। ਇਸੇ ਤਰ੍ਹਾਂ ਚੈਨਲਾਂ ’ਤੇ ਚੱਲਦੀ ਪੰਜਾਬੀ ਖ਼ਬਰਾਂ ਦੀ ਪੱਟੀ ਵਿੱਚ ਵੀ ਸ਼ਬਦ-ਜੋੜ ਦੀਆਂ ਗ਼ਲਤੀਆਂ ਆਮ ਦੇਖੀਆਂ ਜਾਂਦੀਆਂ ਹਨ।  ਇਹ ਗ਼ਲਤ ਸ਼ਬਦਜੋੜ ਸਾਡੇ ਪੰਜਾਬੀ ਭਾਸ਼ਾ ਦੇ ਗਿਆਨ ਵੱਲ ਇਸ਼ਾਰਾ ਕਰਦੇ ਹਨ। ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਨਾਂ ’ਤੇ ਰਾਜਨੀਤੀ ਕੀਤੀ ਜਾਂਦੀ ਹੈ। ਅੱਜਕੱਲ੍ਹ ਕੁਝ ਅਸਮਾਜਿਕ ਵਿਅਕਤੀ ਵੀ ਪੰਜਾਬੀ ਭਾਸ਼ਾ ਦੇ ਅਲੰਬਰਦਾਰ ਬਣੇ ਹੋਏ ਹਨ। ਉਹ ਤਰਕ ਨਾਲ ਆਪਣੀ ਗੱਲ ਸਰਕਾਰ ਅਤੇ ਲੋਕਾਂ ਕੋਲ ਪਹੁੰਚਾਉਣ ਦੀ ਥਾਂ ਦੂਜੀਆਂ ਭਾਸ਼ਾਵਾਂ ਵਿੱਚ ਲਿਖੇ ਬੋਰਡਾਂ ਉੱਪਰ ਕਾਲਾ ਰੰਗ ਮਲ਼ ਕੇ ਸਮਾਜ ਵਿੱਚ ਅਰਾਜਕਤਾ ਫੈਲਾਉਂਦੇ ਹਨ। ਕਈ ਪੰਜਾਬੀ ਗਾਇਕ ਵੀ ਅਸ਼ਲੀਲ ਅਤੇ ਦੂਹਰੇ ਅਰਥਾਂ ਵਾਲੇ ਸ਼ਬਦ ਵਰਤ ਕੇ ਇਹ ਕਹਿੰਦੇ ਸੁਣੇ ਗਏ ਹਨ ਕਿ ਉਹ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ। ਬਹੁਤ ਘੱਟ ਗੀਤਾਂ ਵਿੱਚ ਚੰਗੇ ਅਤੇ ਸੱਭਿਅਕ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਦਫ਼ਤਰੀ ਕੰਮਕਾਰ  ਅਤੇ ਪੱਤਰ ਵਿਹਾਰ ਪੰਜਾਬੀ ਭਾਸ਼ਾ ਵਿੱਚ ਕਰਨਾ ਲਾਜ਼ਮੀ ਬਣਾਇਆ ਗਿਆ ਹੈ। ਹੁਣ ਸਰਕਾਰ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਅਤੇ ਦੁਕਾਨਦਾਰਾਂ ਨੂੰ ਆਪਣੇ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਣਾ ਜ਼ਰੂਰੀ ਕਰ ਦਿੱਤਾ ਹੈ। ਜੇਕਰ ਕੋਈ ਦੂਸਰੀ ਭਾਸ਼ਾ ਲਿਖਣੀ ਜ਼ਰੂਰੀ ਹੋਵੇ ਤਾਂ ਵੀ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਆਧਾਰ ’ਤੇ ਲਿਖਣਾ ਲਾਜ਼ਮੀ ਕੀਤਾ ਹੈ।

ਆਉ! ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਾਰੇ ਵਿਦਵਾਨ, ਲੇਖਕ, ਅਧਿਆਪਕ ਅਤੇ ਵਿਦਿਆਰਥੀ ਮਿਲ ਕੇ ਹੰਭਲਾ ਮਾਰੀਏ ਅਤੇ ਪੰਜਾਬੀ ਮਾਤ ਭਾਸ਼ਾ ਦੇ ਵਿਕਾਸ ਲਈ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜੀਏ। ਨੌਜਵਾਨ ਹੀ ਨਹੀਂ ਸਗੋਂ ਹਰ ਵਰਗ ਦੇ ਲੋਕ ਪੰਜਾਬੀ ਭਾਸ਼ਾ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਆਪਣੇ ਅੰਦਰ ਪੈਦਾ  ਕਰਨ ਤਾਂ ਹੀ ਪੰਜਾਬੀ ਭਾਸ਼ਾ ਪ੍ਰਫੁੱਲਿਤ ਹੋ ਸਕਦੀ ਹੈ।

 

Leave a Reply