‘ਇਨਵੈਸਟ ਪੰਜਾਬ ਸਮਿਟ’ ਦਾ ਅੱਜ ਆਖ਼ਰੀ ਦਿਨ, ਭਗਵੰਤ ਮਾਨ ਬੋਲੇ, ਪੰਜਾਬ ‘ਚ ਲੱਗੇਗਾ ਇਲੈਕਟ੍ਰਿਕ ਵ੍ਹੀਕਲ ਯੂਨਿਟ

ਚੰਡੀਗੜ੍ਹ- ਪੰਜਾਬ ਸਰਕਾਰ ਦੇ ‘ਇਨਵੈਸਟ ਪੰਜਾਬ ਸਮਿਟ’ ਦਾ ਅੱਜ ਦੂਜਾ ਅਤੇ ਆਖ਼ਰੀ ਦਿਨ ਸੀ। 5ਵੇਂ ਪ੍ਰੋਗਰੇਸਿਵ ਪੰਜਾਬ ਨਿਵੇਸ਼ਕ ਦੇ ਆਖ਼ਰੀ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਮੇਲਨ ਵਿੱਚ ਸ਼ਿਰਕਤ ਕੀਤੀ ਅਤੇ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਰੱਖਣ ਵਾਲੀਆਂ ਵੱਖ-ਵੱਖ ਕੰਪਨੀਆਂ ਦੇ ਮਾਲਕਾਂ, ਆਪਰੇਟਰਾਂ ਅਤੇ ਠੇਕੇਦਾਰਾਂ ਨਾਲ ਵਨ-ਟੂ-ਵਨ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਕਿਹੜੇ ਜ਼ਿਲ੍ਹੇ ਵਿੱਚ ਕਿਹੜੀ ਇੰਡਸਟਰੀ ਕਿਸ ਕੀਮਤ ‘ਤੇ ਲਗਾਈ ਜਾ ਸਕਦੀ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦਾ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ ਨੇ ਪੰਜਾਬ ‘ਚ ਇਲਕੈਟ੍ਰਿਕ ਵ੍ਹੀਕਲ ਯੂਨਿਟ ਲਗਾਉਣ ਦੀ ਵੀ ਗੱਲ ਕਹੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਨਅਤਕਾਰ ਦਾ ਸਨਮਾਨ ਵੀ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਮੈਮੋਰੰਡਮ ਆਫ਼ ਅੰਡਰਸਟੈਂਡਿੰਗ (ਐਮ.ਓ.ਯੂ.) ਦਾ ਸਮਾਂ ਹੁਣ ਬੀਤ ਚੁੱਕਾ ਹੈ ਅਤੇ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਉਦਯੋਗਪਤੀਆਂ ਨਾਲ ਨਿਵੇਸ਼ ਲਈ ਮੈਮੋਰੰਡਮ ਆਫ਼ ਦਿਲ ਸੇ (ਐੱਮ. ਓ. ਡੀ. ਐੱਸ.) ਕਰੇਗੀ।

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਸਮਾਪਤੀ ਮੌਕੇ ਉਦਯੋਗਪਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਐੱਮ. ਓ. ਡੀ. ਐੱਸ. ਸਿੱਧੇ ਤੌਰ ‘ਤੇ ਦਿਲੋਂ ਕੀਤਾ ਪਵਿੱਤਰ ਸਮਝੌਤਾ ਹੈ ਅਤੇ ਪੰਜਾਬ ਨੂੰ ਉਦਯੋਗਿਕ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਆਪਸ ਵਿੱਚ ਪੂਰਨ ਵਿਸ਼ਵਾਸ ਅਤੇ ਉਤਸ਼ਾਹ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੀ ਬਾਂਹ ਮਰੋੜ ਕੇ ਜ਼ਬਰਦਸਤੀ ਸਮਝੌਤੇ ਕਰਨ ਦੀ ਪਹਿਲੀ ਪ੍ਰਥਾ ਹੁਣ ਖ਼ਤਮ ਹੋ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਸੂਬੇ ‘ਚ ਵੱਡੇ ਪੱਧਰ ‘ਤੇ ਉਦਯੋਗੀਕਰਨ ਨੂੰ ਯਕੀਨੀ ਬਣਾਉਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।  ਇਸ ਦੇ ਨਾਲ ਹੀ ਪੰਜਾਬ ਦੇ ਵਧੀਆ ਕਾਰਗੁਜ਼ਾਰੀ ਵਾਲੇ ਜ਼ਿਲ੍ਹਿਆਂ ਦੇ ਡੀ.ਸੀਜ਼ ਨੂੰ ਵੀ ਸਨਮਾਨਤ ਕੀਤਾ। ਮਾਨ ਨੇ ਅੰਬੂਜਾ ਸੀਮੈਂਟ ਲਿਮਿਟੇਡ, ਫਲਿੱਪਕਾਰਟ ਇੰਡੀਆ ਪ੍ਰਾਈਵੇਟ ਲਿਮਿਟੇਡ ਕਾਰਪੋਰੇਟ ਸੈਕਟਰ ਸਰਵਿਸਿਜ਼, ਐੱਮ. ਐੱਸ. ਐੱਮ. ਈ. ਮਾਈਕਰੋ ਯੂਨਿਟ, ਕੌਂਸਲ ਇੰਜੀਨੀਅਰਿੰਗ ਐੱਮ. ਐੱਸ. ਐੱਮ. ਈ. ਮੱਧਮ ਯੂਨਿਟ ਅਤੇ ਨੇਸਲੇ ਇੰਡੀਆ ਲਿ. ਸਮੇਤ ਹੋਰ ਕੰਪਨੀਆਂ ਅਤੇ ਉਦਯੋਗਪਤੀਆਂ ਨੂੰ ਸਨਮਾਨਤ ਕੀਤਾ। ਪੰਜਾਬ ਸਰਕਾਰ ਅਨੁਸਾਰ ਅਗਲੇ ਦੋ ਮਹੀਨਿਆਂ ਵਿੱਚ ਇਸ ਯੂਨਿਟ ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਲੁਧਿਆਣਾ ਦੇ ਗਿੱਲ ਰੋਡ ’ਤੇ 25 ਏਕੜ ’ਚ ਯੂਨਿਟ ਸਥਾਪਤ ਕਰਨ ਦੀ ਗੱਲ ਕਹੀ ਗਈ। ਵਿਸਾਖੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਉਦਘਾਟਨ ਕਰਨਗੇ। 50 ਹਜ਼ਾਰ ਲੜਕਿਆਂ/ਲੜਕੀਆਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਲੋਕ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਨ ਲਈ ਆਪਣੇ ਬਲਬੂਤੇ ਆਏ ਹਨ। ਉਨ੍ਹਾਂ ਕਿਹਾ ਕਿ ਕੰਪਨੀਆਂ ਆਪਣੇ ਟੀਚੇ ਦੇ ਅਨੁਸਾਰ ਸੂਬੇ ਵਿੱਚ ਵਿਸਤਾਰ ਦੀਆਂ ਸੰਭਾਵਨਾਵਾਂ ਤਲਾਸ਼ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਤਰੱਕੀ ਅਤੇ ਖੁਸ਼ਹਾਲੀ ਆਵੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਉਦਯੋਗ ਨੂੰ ਹੋਰ ਹੁਲਾਰਾ ਦੇਣ ਲਈ ਹਰ ਸਾਲ ਸੂਬਾ ਸਰਕਾਰ ਵੱਲੋਂ ਵਿੱਤੀ ਸਾਲ ਦੀ ਹਰ ਤਿਮਾਹੀ ਵਿੱਚ ਵੱਖ ਵੱਖ ਖੇਤਰਾਂ ਉੱਤੇ ਅਧਾਰਿਤ ਸੰਮੇਲਨ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਵਿਕਾਸ ਦੇ ਰਾਹ ‘ਤੇ ਪਾਉਣਾ ਸਮੇਂ ਦੀ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸੂਬੇ ਵਿੱਚ ਉਦਯੋਗਾਂ ਦੇ ਖੇਤਰੀ ਵਿਕਾਸ ਨੂੰ ਲੋੜੀਂਦਾ ਹੁਲਾਰਾ ਦੇਣ ਵਿੱਚ ਵੀ ਮਦਦ ਕਰੇਗਾ। ਮੁੱਖ ਮੰਤਰੀ ਨੇ ਪੰਜਾਬ ਨੂੰ ਤਰੱਕੀਪਸੰਦ ,ਪ੍ਰਗਤੀਸ਼ੀਲ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਸਨਅਤ ਦੇ ਸਰਗਰਮ ਸਹਿਯੋਗ ਨਾਲ ਇਸ ਕਾਰਜ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਉਨ੍ਹਾਂ ਦਾ ਮਨੋਰਥ ਨੌਜਵਾਨਾਂ ਲਈ ਵੱਧ ਤੋਂ ਵੱਧ ਨੌਕਰੀਆਂ ਪੈਦਾ ਕਰਨਾ ਹੈ ਤਾਂ ਜੋ ਉਨ੍ਹਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਉਦਯੋਗਪਤੀਆਂ ਨੂੰ ਸੂਬੇ ਵਿੱਚ ਬਿਤਾਏ ਗਏ ਸਮੇਂ ਦਾ ਯਾਦਗਾਰੀ ਤਜਰਬਾ ਹਾਸਲ ਹੋਵੇਗਾ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੂਬੇ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਜਿਵੇਂ ਕਿ ਵਪਾਰ ਕਰਨ ਵਿੱਚ ਸੌਖ ਅਤੇ ਸਭ ਤੋਂ ਅਨੁਕੂਲ ਵਪਾਰਕ ਮਾਹੌਲ ਦੇ ਤਜਰਬੇ ਨੂੰ ਦੂਜੇ ਸੂਬਿਆਂ ਵਿੱਚ ਆਪਣੇ ਸਾਥੀਆਂ ਤੱਕ ਪਹੁੰਚਾਉਣ ਲਈ ਸੂਬੇ ਦੇ ਦੂਤ ਬਣਨ ਲਈ ਕਿਹਾ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਨੂੰ ਦੇਸ਼ ਦਾ ਉਦਯੋਗਿਕ ਧੁਰਾ ਬਣਾਉਣ ਲਈ ਇਸ ਵਿੱਚ ਵੱਧ ਤੋਂ ਵੱਧ ਨਿਵੇਸ਼ ਨੂੰ ਯਕੀਨੀ ਬਣਾਉਣਾ ਹੈ।

Leave a Reply