ਚੀਨ ‘ਚ ChatGPT ‘ਤੇ ਲੱਗੀ ਪਾਬੰਦੀ, ਅਮਰੀਕੀ ਨਜ਼ਰੀਆ ਫੈਲਾਉਣ ਦਾ ਦੋਸ਼
ਹੁਣ ਚੀਨ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਚੈਟਬਾਟ ChatGPT ‘ਤੇ ਸਰਕਾਰ ਦਾ ਡੰਡਾ ਚੱਲਿਆ ਹੈ। ਚੀਨ ਦੀਆਂ ਇੰਟਰਨੈੱਟ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੇ ਪਲੇਟਫਾਰਮ ‘ਤੇ ਚੈਟ ਜੀਪੀਟੀ ਦੀਆਂ ਸੇਵਾਵਾਂ ਨਾ ਦੇਣ। ਚੀਨ ਸਰਕਾਰ ਦਾ ਦੋਸ਼ ਹੈ ਕਿ ਇਸ ਚੈਟਬਾਟ ਦੀ ਪ੍ਰੋਗਰਾਮਿੰਗ ਇਸ ਤਰ੍ਹਾਂ ਕੀਤੀ ਗਈ ਹੈ, ਜਿਸ ਤੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਉਹ ਅਮਰੀਕੀ ਨਜ਼ਰੀਏ ਨਾਲ ਦਿੰਦਾ ਹੈ।
ਚੈਟ ਜੀਪੀਟੀ ਨੂੰ ਅਮਰੀਕਾ ਦੀ ਸਟਾਰਟਅਪ ਕੰਪਨੀ ਓਪੇਨ-ਏ.ਆਈ. ਨੇ ਤਿੰਨ ਮਹੀਨੇ ਪਹਿਲਾਂ ਲਾਂਚ ਕੀਤਾ ਸੀ। ਇਸ ਕੰਪਨੀ ‘ਚ ਮਾਈਕ੍ਰੋਸਾਫਟ ਨੇ ਵੀ ਨਿਵੇਸ਼ ਕੀਤਾ ਹੈ। ਦੇਖਦੇ-ਦੇਖਦੇ ਚੈਟ ਜੀਪੀਟੀ ਦੁਨੀਆ ਭਰ ‘ਚ ਬੇਹੱਦ ਲੋਕਪ੍ਰਸਿੱਧ ਹੋ ਗਿਆ। ਚੀਨ ‘ਚ ਹਾਲਾਂਕਿ ਅਧਿਕਾਰਤ ਰੂਪ ਨਾਲ ਇਹ ਚੈਟਬਾਟ ਉਪਲੱਬਧ ਨਹੀਂ ਹੈ ਪਰ ਵੀਪੀਐੱਨ ਰਾਹੀਂ ਬਹੁਤ ਸਾਰੇ ਲੋਕ ਇਸਦੀ ਵਰਤੋਂ ਕਰ ਰਹੇ ਹਨ। ਇਸ ਵਿਚਕਾਰ ਇਸ ਚੈਟਬਾਟ ਦੀ ਨਕਲ ਕਰਕੇ ਕਈ ਕੰਪਨੀਆਂ ਨੇ ਅਜਿਹੀਆਂ ਹੀ ਸੇਵਾਵਾਂ ਦੇਣ ਵਾਲੇ ਆਪਣੇ ਐਪ ਜਾਂ ਵੈੱਬਸਾਈਟਾਂ ਲਾਂਚ ਕਰ ਦਿੱਤੀਆਂ ਹਨ। ਟੈਨਸੈਂਟ ਕੰਪਨੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਚੈਟ ‘ਤੇ ਅਜਿਹੀਆਂ ਸੇਵਾਵਾਂ ਉਪਲੱਬਧ ਹੋਈਆਂ ਹਨ। ਤਾਜ਼ਾ ਸਰਕਾਰੀ ਆਦੇਸ਼ ਤੋਂ ਬਾਅਦ ਹੁਣ ਇਨ੍ਹਾਂ ‘ਤੇ ਰੋਕ ਲੱਗ ਜਾਵੇਗੀ।