ਨੌਜਵਾਨ ਦਾ ਚਾਕੂ ਮਾਰ ਕੇ ਕਤਲ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਮੇਹਟੀਆਣਾ: ਥਾਣਾ ਮੇਹਟੀਆਣਾ ਇਲਾਕੇ ਵਿਚ ਦਿਲ-ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਥਾਣਾ ਮੇਹਟੀਆਣਾ ਅਧੀਨ ਪੈਂਦੀ ਪੁਲਸ ਚੌਂਕੀ ਅਜਨੋਹਾ ਅਧੀਨ ਪੈਂਦੇ ਪਿੰਡ ਪੰਡੋਰੀ ਗੰਗਾ ਸਿੰਘ ਵਿਖੇ ਇਕ ਨੌਜਵਾਨ ਨੂੰ ਦਿਨ ਚੜ੍ਹਦੇ ਹੀ ਚਾਕੂ ਨਾਲ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਉਰਫ਼ ਸੋਨਾ ਪੁੱਤਰ ਸਵਰਗੀ ਜਗੀਰ ਸਿੰਘ ਵਾਸੀ ਪੰਡੋਰੀ ਗੰਗਾ ਸਿੰਘ ਬੀਤੇ ਦਿਨ ਸਵੇਰੇ 7 ਵਜੇ ਆਪਣੀ ਮਾਤਾ ਨਾਲ ਆਪਣੇ ਘਰੋਂ ਹਵੇਲੀ ਵੱਲ ਮੱਝਾਂ ਚੋਣ ਲਈ ਜਾ ਰਿਹਾ ਸੀ ਤਾਂ ਰਸਤੇ ’ਚ ਹੀ ਉਨ੍ਹਾਂ ਦੇ ਇਕ ਗੁਆਂਢੀ ਅਤੇ ਉਸ ਗੁਆਂਢੀ ਦੀ ਮਾਤਾ ਵੱਲੋਂ ਕਿਸੇ ਰੰਜਿਸ਼ ਤਹਿਤ ਗਾਲੀ-ਗਲੋਚ ਕੀਤੀ ਗਈ। ਗੱਲ ਇਥੇ ਤੱਕ ਵਧ ਗਈ ਕਿ ਉਸ ਗੁਆਂਢੀ ਨੇ ਹਰਜਿੰਦਰ ਸਿੰਘ ਦੀ ਛਾਤੀ ਵਿਚ ਆਪਣੇ ਹੱਥ ਵਿਚ ਫੜੇ ਤੇਜ਼ਧਾਰ ਚਾਕੂ ਨਾਲ ਵਾਰ ਕਰ ਦਿੱਤਾ ਅਤੇ ਹਰਜਿੰਦਰ ਸਿੰਘ ਜ਼ਖ਼ਮੀ ਹਾਲਤ ਵਿਚ ਗਲੀ ਵਿਚ ਹੀ ਡਿੱਗ ਪਿਆ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਜ਼ਖ਼ਮੀ ਹਾਲਤ ਵਿਚ ਹਰਜਿੰਦਰ ਸਿੰਘ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਉਸ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਉਸ ਨੂੰ ਫਗਵਾੜਾ ਦੇ ਕਿਸੇ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਲਾਕੇ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਅਗਲੀ ਕਾਰਵਾਈ ਕਰਦਿਆਂ ਬਲਜੀਤ ਸਿੰਘ ਬੱਲੀ ਪੁੱਤਰ ਤਰਸੇਮ ਸਿੰਘ ਅਤੇ ਉਸ ਦੀ ਮਾਂ ਸੁਰਜੀਤ ਕੌਰ ਪਤਨੀ ਤਰਸੇਮ ਸਿੰਘ ਵਾਸੀ ਪੰਡੋਰੀ ਗੰਗਾ ਸਿੰਘ, ਥਾਣਾ ਮੇਹਟੀਆਣਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਹਰਜਿੰਦਰ ਸਿੰਘ ਉਰਫ਼ ਸੋਨੂੰ 3 ਕੁ ਮਹੀਨੇ ਪਹਿਲਾਂ ਹੀ ਘਰ ਵਾਪਸ ਆਇਆ ਸੀ ਜੋਕਿ ਰੋਜ਼ੀ ਰੋਟੀ ਲਈ ਦੁਬਈ ਗਿਆ ਹੋਇਆ ਸੀ। ਉਸ ਦਾ ਵਿਆਹ ਦਸੰਬਰ 2022 ਵਿਚ ਹੋਇਆ ਸੀ। ਪੁਲਸ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।

Leave a Reply